ਮਰਦਮਸ਼ੁਮਾਰੀ ਦਾ ਆਖ਼ਰੀ ਗੇੜ 9 ਤੋਂ 28 ਫ਼ਰਵਰੀ ਤੱਕ ਹੋਣ ਕਾਰਨ ਸਮੁੱਚਾ ਸਰਕਾਰੀ ਤੰਤਰ ਵਿਅਸਤ ਹੋਵੇਗਾ
ਹਰਕਵਲਜੀਤ ਸਿੰਘ
ਚੰਡੀਗੜ੍ਹ, 25 ਅਪ੍ਰੈਲ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੋਂ ਕੁਝ ਪਹਿਲਾਂ ਹੋਣ ਅਰਥਾਤ ਜਨਵਰੀ 2027 ਵਿਚ ਹੀ ਵੋਟਾਂ ਪੈ ਜਾਣ ਦੀ ਸੰਭਾਵਨਾ ਹੈ ਕਿਉਂਕਿ ਭਾਰਤ ਸਰਕਾਰ ਵਲੋਂ ਮਰਦਮਸ਼ੁਮਾਰੀ ਦਾ ਆਖ਼ਰੀ ਤੇ ਫਾਈਲ ਗੇੜ 2027 ਦੌਰਾਨ 9 ਫਰਵਰੀ ਤੋਂ 28 ਫਰਵਰੀ ਤੱਕ ਨਿਸ਼ਚਿਤ ਕੀਤਾ ਹੋਇਆ ਹੈ, ਜਿਸ ਵਿਚ ਕੋਈ ਰੱਦੋਬਦਲ ਨਹੀਂ ਹੋ ਸਕਦਾ ਅਤੇ ਇਨ੍ਹਾਂ ਦਿਨਾਂ ਦੌਰਾਨ ਸਮੁੱਚਾ ਸਰਕਾਰੀਤੰਤਰ ਅਤੇ ਸਰਕਾਰੀ ਅਮਲਾ ਜਿਸ ਦੀ ਚੋਣਾਂ ਲਈ ਵਰਤੋਂ ਹੋਣੀ ਹੈ ਉਹ ਮਰਦਮਸ਼ੁਮਾਰੀ ਦੇ ਕੰਮ ਵਿਚ ਲੱਗਾ ਹੋਇਆ ਹੋਵੇਗਾ | ਮਰਦਮਸ਼ੁਮਾਰੀ ਵਿਭਾਗ ਨੇ ਸਾਰੇ ਰਾਜਾਂ ਨੂੰ ਆਪਣੇ ਨਿਰਧਾਰਿਤ ਪ੍ਰੋਗਰਾਮ ਸੰਬੰਧੀ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ | ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਾਲ ਉੱਤਰ ਪ੍ਰਦੇਸ਼ ਵਿਚ ਵੀ ਚੋਣਾਂ ਹੋਣੀਆਂ ਹਨ ਅਤੇ ਮਾਰਚ ਮਹੀਨੇ ਵਿਚ ਆ ਰਹੇ ਮਹਾ ਕੁੰਭ ਕਾਰਨ ਯੂ.ਪੀ. ਵਿਚ ਵੀ ਚੋਣਾਂ ਸੰਭਵ ਨਹੀਂ ਹੋਣਗੀਆਂ, ਜਦੋਂਕਿ ਅਪ੍ਰੈਲ ਵਿਚ ਕਣਕ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ | ਉੱਚ ਸਰਕਾਰੀ ਸੂਤਰਾਂ ਅਨੁਸਾਰ ਚੋਣ ਕਮਿਸ਼ਨ ਜਨਵਰੀ ਦੇ ਤੀਸਰੇ ਜਾ ਚੌਥੇ ਹਫ਼ਤੇ ਪੰਜਾਬ ਵਿਚ ਵੋਟਾਂ ਦਾ ਪ੍ਰੋਗਰਾਮ ਰੱਖ ਸਕਦਾ ਹੈ ਅਤੇ ਇਸ ਲਈ ਚੋਣ ਕਮਿਸ਼ਨ ਨੂੰ ਨਵੰਬਰ 2026 ਦੌਰਾਨ ਪੰਜਾਬ ਲਈ ਚੋਣ ਦੀ ਤਾਰੀਕਾਂ ਦਾ ਐਲਾਨ ਕਰਨਾ ਪਵੇਗਾ | ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਰਾਜ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਜਾਵੇਗਾ | ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ 16 ਮਾਰਚ 2022 ਨੂੰ ਸਹੁੰ ਚੁੱਕੀ ਸੀ ਅਤੇ ਸੰਭਵ ਹੈ ਕਿ ਪੰਜਾਬ ਵਿਚ ਨਵੀਂ ਚੁਣੀ ਜਾਣ ਵਾਲੀ ਸਰਕਾਰ ਵਲੋਂ ਸਹੁੰ ਮਾਰਚ 2027 ਵਿਚ ਹੀ ਚੁੱਕੀ ਜਾਵੇ | ਨਵੰਬਰ ਵਿਚ ਚੋਣਾਂ ਦੇ ਐਲਾਨ ਦੀ ਸੰਭਾਵਨਾ ਕਾਰਨ ਇਕ ਤਰ੍ਹਾਂ ਨਾਲ ਸਰਕਾਰ ਕੋਲ ਕੰਮ ਕਰਨ ਲਈ 6-7 ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ ਅਤੇ ਰਾਜ ਦੀਆਂ ਰਾਜਸੀ ਪਾਰਟੀ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਜ਼ਰ ਆ ਰਹੀ ਉਤਸੁਕਤਾ ਅਤੇ ਸਰਗਰਮੀ ਕਾਰਨ ਅਗਲੇ ਦੋ-ਤਿੰਨ ਮਹੀਨੇ ਬਾਅਦ ਚੋਣ ਪ੍ਰਚਾਰ ਬਾਰਸ਼ਾਂ ਦੇ ਮੌਸਮ ਤੋਂ ਬਾਅਦ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ | ਮਰਦਮਸ਼ੁਮਾਰੀ ਵਿਭਾਗ ਅਨੁਸਾਰ ਅਗਲੇ ਇਕ ਮਹੀਨੇ ਦੌਰਾਨ ਘਰਾਂ ਤੇ ਖੇਤਰਾਂ ਦੀ ਸ਼ਨਾਖ਼ਤ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਦੋਂਕਿ ਉਸ ਤੋਂ ਬਾਅਦ ਮਰਦਮਸ਼ੁਮਾਰੀ ਸੰਬੰਧੀ ਸਵੈ-ਜਾਣਕਾਰੀ ਮੁਹੱਈਆ ਕਰਵਾਉਣ ਦੀ ਮੁਹਿੰਮ ਚਲਾਈ ਜਾਵੇਗੀ ਪਰ 9 ਫਰਵਰੀ ਤੋਂ 28 ਫਰਵਰੀ 2027 ਦੌਰਾਨ ਸਰਕਾਰੀ ਅਧਿਕਾਰੀ ਘਰ-ਘਰ ਤੱਕ ਜਾ ਕੇ ਮਰਦਮਸ਼ੁਮਾਰੀ ਦਾ ਕੰਮ ਕਰਨਗੇ ਅਤੇ ਸਵੈ-ਮਰਦਮਸ਼ੁਮਾਰੀ ਦੀ ਪੁਸ਼ਟੀ ਵੀ ਕੀਤੀ ਜਾਵੇਗੀ |
ਮਰਦਮਸ਼ੁਮਾਰੀ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ-2027 'ਚ ਸੰਭਵ <br/>
ਅਜੀਤ ਡੈਸਕ
26-04-2026