ਅਮਰੀਕਾ ਨਾਲ ਸਿੱਧੀ ਗੱਲਬਾਤ ਤੋਂ ਕੀਤਾ ਇਨਕਾਰ
ਸੁਰਿੰਦਰ ਕੋਛੜ
ਅੰਮਿ੍ਤਸਰ, 25 ਅਪ੍ਰੈਲ-ਈਰਾਨ ਵਲੋਂ ਅਮਰੀਕਾ ਨਾਲ ਦੂਜੇ ਦੌਰ ਦੀ ਸਿੱਧੀ ਗੱਲਬਾਤ ਤੋਂ ਇਨਕਾਰ ਕਰਨ ਬਾਅਦ ਦੋਵਾਂ ਮੁਲਕਾਂ ਵਿਚਕਾਰ ਆਹਮੋ-ਸਾਹਮਣੇ ਦੀ ਗੱਲਬਾਤ ਦੀ ਸੰਭਾਵਨਾ ਘਟਦੀ ਜਾ ਰਹੀ ਹੈ | ਦੋਵੇਂ ਮੁਲਕ ਅਸਿੱਧੇ ਚੈਨਲਾਂ ਰਾਹੀਂ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ 'ਚ ਪਾਕਿਸਤਾਨ ਦੀ ਇਕ ਮੁੱਖ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ | ਪਾਕਿਸਤਾਨ ਪੁੱਜੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਸਨਿਚਰਵਾਰ ਸ਼ਾਮ ਨੂੰ ਅਮਰੀਕੀ ਵਫ਼ਦ ਨੂੰ ਮਿਲੇ ਬਿਨਾ ਹੀ ਤਿੰਨ ਦੇਸ਼ਾਂ ਦੇ ਦੌਰੇ ਦੇ ਹਿੱਸੇ ਵਜੋਂ ਓਮਾਨ ਲਈ ਰਵਾਨਾ ਹੋ ਗਏ | ਜਾਣਕਾਰੀ ਅਨੁਸਾਰ ਅਰਾਘਚੀ ਨੇ ਵਾਪਸ ਪਰਤਣ ਤੋਂ ਪਹਿਲਾਂ ਈਰਾਨ ਦੀ ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਸ਼ਰਤਾਂ ਅਤੇ ਅਮਰੀਕੀ ਮੰਗਾਂ 'ਤੇ ਆਪਣੇ ਇਤਰਾਜ਼ ਪਾਕਿਸਤਾਨ ਨੂੰ ਸੌਂਪੇ | ਈਰਾਨੀ ਵਫ਼ਦ ਨੇ ਸਿੱਧੇ ਤੌਰ 'ਤੇ ਅਮਰੀਕਾ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਅਮਰੀਕੀ ਨਾਕਾਬੰਦੀ ਨਹੀਂ ਹਟਾਈ ਜਾਂਦੀ, ਉਦੋਂ ਤੱਕ ਸਿੱਧੀ ਗੱਲਬਾਤ ਸੰਭਵ ਨਹੀਂ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ ਗਈ | ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਬਾਸ ਅਰਾਘਚੀ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਕਿਹਾ ਕਿ ਮੁਲਾਕਾਤ ਬਹੁਤ ਵਧੀਆ ਅਤੇ ਸਕਾਰਾਤਮਕ ਰਹੀ | ਦੋਵਾਂ ਆਗੂਆਂ ਨੇ ਮੌਜੂਦਾ ਖੇਤਰੀ ਸਥਿਤੀ 'ਤੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਪਾਕਿਸਤਾਨ ਅਤੇ ਈਰਾਨ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਕੀਤੀ | ਇਸ ਦਾ ਮਤਲਬ ਹੈ ਨਾ ਸਿਰਫ਼ ਮੌਜੂਦਾ ਤਣਾਅ 'ਤੇ ਚਰਚਾ ਕੀਤੀ ਗਈ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ | ਸ਼ੁੱਕਰਵਾਰ ਦੇਰ ਰਾਤ ਰਾਵਲਪਿੰਡੀ ਦੇ ਨੂਰ ਖ਼ਾਨ ਏਅਰਬੇਸ 'ਤੇ ਪੁੱਜੇ ਅੱਬਾਸ ਅਰਾਘਚੀ ਦੀ ਅਗਵਾਈ ਵਾਲੇ ਈਰਾਨੀ ਵਫ਼ਦ ਦਾ ਸਵਾਗਤ ਪਾਕਿ ਦੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਅਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਕੀਤਾ | ਉਪਰੰਤ ਅੱਬਾਸ ਅਰਾਘਚੀ ਨੇ ਆਸਿਮ ਮੁਨੀਰ ਅਤੇ ਇਸਹਾਕ ਡਾਰ, ਜੋ ਵਿਦੇਸ਼ ਮੰਤਰੀ ਵੀ ਹਨ, ਨਾਲ ਵੱਖਰੇ ਤÏਰ 'ਤੇ ਮੁਲਾਕਾਤ ਕੀਤੀ | ਇਸ ਮੌਕੇ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਸੀਮ ਮਲਿਕ, ਗ੍ਰਹਿ ਮੰਤਰੀ ਮੋਹਸਿਨ ਨਕਵੀ ਸਮੇਤ ਸੀਨੀਅਰ ਪਾਕਿਸਤਾਨੀ ਅਧਿਕਾਰੀ ਮੌਜੂਦ ਸਨ | ਈਰਾਨੀ ਵਫ਼ਦ 'ਚ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ, ਰਾਜਦੂਤ ਰੇਜ਼ਾ ਅਮੀਰੀ ਮੋਘਦਮ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਾਈ ਸ਼ਾਮਿਲ ਸਨ | ਜ਼ਿਕਰਯੋਗ ਹੈ ਕਿ ਪਾਕਿ ਤੋਂ ਇਲਾਵਾ ਓਮਾਨ ਅਤੇ ਰੂਸ ਵੀ ਈਰਾਨ-ਅਮਰੀਕਾ ਸੰਬੰਧਾਂ ਨੂੰ ਆਮ ਬਣਾਉਣ 'ਚ ਭੂਮਿਕਾ ਨਿਭਾਅ ਰਹੇ ਹਨ |
ਵਿਟਕੌਫ ਤੇ ਕੁਸ਼ਨਰ ਪਾਕਿਸਤਾਨ ਨਹੀਂ ਜਾਣਗੇ-ਟਰੰਪ
ਵਾਸ਼ਿੰਗਟਨ, (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਵਾਰਤਾਕਾਰਾਂ ਨੂੰ ਈਰਾਨ ਨਾਲ ਗੱਲਬਾਤ ਲਈ ਪਾਕਿਸਤਾਨ ਦੀ ਯਾਤਰਾ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਸਾਰੇ ਬਦਲ ਮੌਜੂਦ ਹਨ | ਹਾਲਾਂਕਿ, ਉਨ੍ਹਾਂ ਕਿਹਾ ਉਹ ਜਦੋਂ ਵੀ ਚਾਹੁਣ ਸਾਨੂੰ ਫੋਨ ਕਰ ਸਕਦੇ ਹਨ | ਟਰੰਪ ਨੇ ਕਿਹਾ ਕਿ ਉਨ੍ਹਾਂ ਅਮਰੀਕੀ ਵਾਰਤਾਕਾਰਾਂ ਸਟੀਵ ਵਿਟਕੌਫ ਅਤੇ ਜੈਰੇਡ ਕੁਸ਼ਨਰ ਨੂੰ ਕਿਹਾ ਕਿ ਤੁਸੀਂ ਬਿਨਾਂ ਵਜ੍ਹਾ 18 ਘੰਟੇ ਦੀ ਹੋਰ ਉਡਾਣ ਨਹੀਂ ਭਰੋਗੇ |
ਅਮਰੀਕੀ ਵਫ਼ਦ ਨੂੰ ਮਿਲੇ ਬਗੈਰ ਹੀ ਵਾਪਸ ਮੁੜੇ ਅਰਾਘਚੀ
ਅਜੀਤ ਡੈਸਕ
26-04-2026