ਚੰਡੀਗੜ੍ਹ, 25 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸਨਿਚਰਵਾਰ ਨੂੰ ਕਿਹਾ ਕਿ ਪੰਜਾਬ ਵਿਚ ਪਾਰਟੀ ਲੀਡਰਸ਼ਿਪ ਅਤੇ ਇਸ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਨਿਰੰਤਰ ਗੱਲਬਾਤ ਦੀ ਲੋੜ ਹੈ | ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਹ ਵੀ ਟਿੱਪਣੀ ਕੀਤੀ ਕਿ ਪਾਰਟੀ ਨੂੰ ਰਾਜ ਸਭਾ ਲਈ ਪੰਜਾਬ ਤੋਂ ਆਪਣੇ ਵਰਕਰਾਂ ਅਤੇ ਵਲੰਟੀਅਰਾਂ 'ਤੇ ਵਿਚਾਰ ਕਰਨਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਲੀਡਰਸ਼ਿਪ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਵਿਚਕਾਰ ਬਿਹਤਰ ਤਾਲਮੇਲ ਤੇ ਨਿਰੰਤਰ ਗੱਲਬਾਤ ਦੀ ਸਖ਼ਤ ਲੋੜ ਹੈ | ਉਨ੍ਹਾਂ ਮੁਤਾਬਿਕ, ਜੇਕਰ ਸਮੇਂ-ਸਮੇਂ 'ਤੇ ਸੰਪਰਕ ਬਣਾਇਆ ਰੱਖਿਆ ਜਾਂਦਾ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ | ਕੰਗ ਨੇ ਦੱਸਿਆ ਕਿ ਭਾਜਪਾ 'ਚ ਸ਼ਾਮਿਲ ਹੋਏ ਮੈਂਬਰਾਂ 'ਚੋਂ ਇਕ ਸੰਦੀਪ ਪਾਠਕ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਿਛਲੇ ਇਕ ਸਾਲ ਦੌਰਾਨ ਪਾਰਟੀ ਵਲੋਂ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ | ਜੇਕਰ ਨਿਯਮਿਤ ਗੱਲਬਾਤ ਹੁੰਦੀ ਤਾਂ ਉਹ ਪਾਰਟੀ ਨਾ ਛੱਡਦੇ | ਕੰਗ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਰਾਜ ਸਭਾ ਲਈ ਪੰਜਾਬ ਦੇ ਜ਼ਮੀਨੀ ਵਰਕਰਾਂ ਅਤੇ ਵਲੰਟੀਅਰਾਂ ਨੂੰ ਤਰਜੀਹ ਦੇਣੀ ਚਾਹੀਦੀ ਸੀ ਤਾਂ ਜੋ ਸੰਗਠਨ ਹੋਰ ਮਜ਼ਬੂਤ ਬਣ ਸਕੇ |