ਕੇਂਦਰ ਵਲੋਂ ਸੀ.ਆਰ.ਪੀ.ਐਫ. ਤਾਇਨਾਤ
ਜਲੰਧਰ/ਚੰਡੀਗੜ੍ਹ, 26 ਅਪ੍ਰੈਲ (ਜਤਿੰਦਰ ਪੰਮੀ/ਪ੍ਰੋ. ਅਵਤਾਰ ਸਿੰਘ)-ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੇ ਭਾਜਪਾ 'ਚ ਸ਼ਾਮਿਲ ਹੋਣ ਉਪਰੰਤ ਉਨ੍ਹਾਂ ਦੀ ਸੁਰੱਖਿਆ ਵੀ ਬਦਲ ਗਈ ਹੈ | ਭੱਜੀ ਦੀ ਨਵੀਂ ਬਾਰਾਂਦਰੀ ਜਲੰਧਰ ਸਥਿਤ ਰਿਹਾਇਸ਼ 'ਤੇ ਪੰਜਾਬ ਸਰਕਾਰ ਵਲੋਂ ਪੁਲਿਸ ਦੀ ਤਿੰਨ ਪਰਤੀ ਸੁਰੱਖਿਆ ਲਾਈ ਗਈ ਸੀ, ਜੋ ਉਨ੍ਹਾਂ ਦੇ ਪਾਰਟੀ ਬਦਲਣ ਉਪਰੰਤ ਤੁਰੰਤ ਹਟਾ ਲਈ ਗਈ | ਓਧਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਣ ਉਪਰੰਤ ਹੁਣ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੇਂਦਰੀ ਨੀਮ ਬਲਾਂ ਦੀ ਸੁਰੱਖਿਆ ਦੇ ਦਿੱੱਤੀ ਗਈ | ਐਤਵਾਰ ਨੂੰ ਰਾਜ ਸਭਾ ਮੈਂਬਰ ਦੀ ਰਿਹਾਇਸ਼ ਦੇ ਬਾਹਰ ਪੰਜਾਬ ਪੁਲਿਸ ਦੇ ਕਮਾਂਡੋਜ਼ ਦੀ ਥਾਂ ਸੀ.ਆਰ.ਪੀ.ਐੱਫ. ਦੇ ਜਵਾਨ ਤਾਇਨਾਤ ਹੋ ਗਏ | ਦੱਸਣਯੋਗ ਹੈ ਕਿ 'ਆਪ' ਦੇ ਪੰਜਾਬ ਤੋਂ ਸੱਤ ਰਾਜ ਸਭਾ ਮੈਂਬਰ ਪਿਛਲੇ ਦਿਨੀਂ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ ਸਨ | ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ 'ਆਪ' ਆਗੂਆਂ ਤੇ ਵਰਕਰਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਐਤਵਾਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰਿਹਾਇਸ਼ ਦੇ ਬਾਹਰ ਕੀਤੀ ਗਈ ਬੈਰੀਕੇਡਿੰਗ ਹਟਾਉਣ ਦਾ ਯਤਨ ਕੀਤਾ ਪਰ ਸੁਰੱਖਿਆ ਲਈ ਤਾਇਨਾਤ ਪੁਲਿਸ ਤੇ ਕੇਂਦਰੀ ਬਲ ਦੇ ਜਵਾਨਾਂ ਨੇ ਪਿੱਛੇ ਹਟਾ ਦਿੱਤਾ | ਇਨ੍ਹਾਂ ਰੋਸ ਪ੍ਰਦਰਸ਼ਨਾਂ ਤੇ ਸੁਰੱਖਿਆ ਦੇ ਮੱਦੇਨਜ਼ਰ ਹੀ ਕੇਂਦਰ ਵਲੋਂ ਸੀ.ਆਰ.ਪੀ.ਐਫ. ਤਾਇਨਾਤ ਕੀਤੀ ਗਈ ਹੈ |
ਪੰਜਾਬ ਸਰਕਾਰ ਨੇ ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ
ਅਜੀਤ ਡੈਸਕ
27-04-2026