05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

5 ਰਾਜਾਂ 'ਚ ਚੋਣਾਂ ਤੋਂ ਬਾਅਦ ਮਹਿੰਗਾਈ ਦਾ ਖ਼ਦਸ਼ਾ ਵਧਿਆ <br/>

Ad Position 21
No active advertisement
ਅਜੀਤ ਡੈਸਕ 28-04-2026

ਹਰਜਿੰਦਰ ਸਿੰਘ ਲਾਲ
ਖੰਨਾ, 27 ਅਪ੍ਰੈਲ -ਸਰਕਾਰ ਦੇ ਇਨਕਾਰ ਦੇ ਬਾਵਜੂਦ ਭਾਰਤ 'ਚ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਆਉਣ ਵਾਲੇ ਚੋਣ ਨਤੀਜਿਆਂ ਤੋਂ ਬਾਅਦ ਮਹਿੰਗਾਈ ਵਧਣ ਦਾ ਡਰ ਫੈਲ ਰਿਹਾ ਹੈ | ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਉਚੀਆਂ ਕੀਮਤਾਂ ਅਤੇ ਮੱਧ ਪੂਰਬ ਵਿਚਲੇ ਜੰਗ ਕਾਰਨ ਤੇਲ ਕੰਪਨੀਆਂ ਨੂੰ ਕਈ ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਖਾਦਾਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵੀ ਵਧੀਆਂ ਹਨ | ਇਨ੍ਹਾਂ 5 ਰਾਜਾਂ ਦੇ ਚੋਣ ਨਤੀਜੇ 4 ਮਈ ਨੂੰ ਆਉਣ ਦੇ ਇਕ ਹਫ਼ਤੇ 'ਚ ਹੀ ਤੇਲ ਅਤੇ ਖਾਦਾਂ ਦੀਆਂ ਕੀਮਤਾਂ ਵਧਣ ਦਾ ਡਰ ਅਤੇ ਚਰਚਾ ਬਾ-ਦਸਤੂਰ ਜਾਰੀ ਹੈ | ਭਾਵੇਂ ਸਰਕਾਰ ਇਸ ਤੋਂ ਸਾਫ਼ ਇਨਕਾਰ ਕਰ ਰਹੀ ਹੈ |
ਤੇਲ ਕੀਮਤਾਂ 'ਚ ਵਾਧੇ ਦੀ ਚਿਤਾਵਨੀ ਅਤੇ ਅੰਕੜੇ
ਕੋਟਕ ਇੰਸਟੀਚਿਊਸ਼ਨਲ ਇਕੁਇਟੀਜ਼ ਦੀ ਰਿਪੋਰਟ ਮੁਤਾਬਿਕ, ਜੇਕਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ 120 ਯੂ.ਐਸ. ਡਾਲਰ ਪ੍ਰਤੀ ਬੈਰਲ ਦੇ ਨੇੜੇ ਰਿਹਾ ਤਾਂ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 25 ਤੋਂ 28 ਰੁਪਏ ਤੱਕ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ | ਜੇਕਰ ਮੱਧ ਪੂਰਬ ਤੋਂ ਕੱਚਾ ਤੇਲ ਆਉਣਾ ਸ਼ੁਰੂ ਨਾ ਹੋਇਆ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਗਈਆਂ ਤਾਂ ਤੇਲ ਕੀਮਤਾਂ 'ਚ ਪੜਾਅ ਵਾਰ ਵਾਧਾ ਹੋਣ ਦੇ ਆਸਾਰ ਹਨ |
ਸਰਕਾਰ ਵਲੋਂ ਸਾਫ਼ ਇਨਕਾਰ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕੋਟਕ ਦੀ ਇਸ ਰਿਪੋਰਟ ਨੂੰ ਸਾਫ਼ ਤੌਰ 'ਤੇ 'ਫ਼ਰਜ਼ੀ ਖਬਰ' ਅਤੇ ਗੁਮਰਾਹਕੁਨ ਕਰਾਰ ਦਿੱਤਾ | ਮੰਤਰਾਲੇ ਨੇ ਐਲਾਨ ਕੀਤਾ ਕਿ ਫਿਲਹਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ ਅਤੇ ਅਜਿਹੀਆਂ ਖ਼ਬਰਾਂ ਲੋਕਾਂ 'ਚ ਡਰ ਅਤੇ ਭਾਜੜ ਪੈਦਾ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ | ਫਿਰ ਵੀ ਆਰਥਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਨਾ ਘਟੀਆਂ ਤਾਂ ਚੋਣਾਂ ਤੋਂ ਬਾਅਦ ਪੜਾਅਵਾਰ ਵਾਧਾ ਆਰਥਿਕ ਤੌਰ 'ਤੇ ਮਜਬੂਰੀ ਬਣ ਸਕਦਾ ਹੈ | ਵੈਸੇ ਲਗਭਗ ਚਾਰ ਸਾਲਾਂ ਤੋਂ ਦੇਸ਼ 'ਚ ਪੈਟਰੋਲ ਦੀ ਕੀਮਤ ਲਗਭਗ 100 ਰੁਪਏ ਅਤੇ ਡੀਜ਼ਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਦੇ ਆਸ-ਪਾਸ ਸਥਿਰ ਹੈ | ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 90 ਤੋਂ 106 ਡਾਲਰ ਪ੍ਰਤੀ ਬੈਰਲ ਤੱਕ ਘੁੰਮ ਰਹੀਆਂ ਹਨ | ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਕਾਰਨ ਵੀ ਤੇਲ ਕੰਪਨੀਆਂ ਨੂੰ ਭਾਰੀ ਘਾਟਾ ਹੋ ਰਿਹਾ ਹੈ |
ਖਾਦਾਂ ਅਤੇ ਸਬਸਿਡੀ ਦੇ ਤਾਜ਼ਾ ਹਾਲਾਤ
ਸਰਕਾਰ ਨੇ ਸਾਉਣੀ ਦੇ ਖੇਤੀ ਸੀਜ਼ਨ ਲਈ ਫ਼ਾਸਟਫੇਟਿਕ ਅਤੇ ਪੋਟਾਸ਼ਿਕ ਖਾਦਾਂ ਲਈ 41,533.81 ਕਰੋੜ ਰੁਪਏ ਦੀ ਸਬਸਿਡੀ ਰੱਖੀ ਹੈ, ਜੋ ਪਿਛਲੀ ਵਾਰ ਨਾਲੋਂ 4,317 ਕਰੋੜ ਰੁਪਏ ਵੱਧ ਹੈ | ਹੁਣ ਨਾਈਟਰੋਜਨ ਖਾਦ ਵਿਚ 47.32 ਰੁਪਏ ਪ੍ਰਤੀ ਕਿਲੋਗ੍ਰਾਮ, ਫਾਸਫੋਰਸ ਵਿਚ 52.76, ਪੋਟਾਸ਼ ਵਿਚ 2.38 ਅਤੇ ਸਲਫ਼ਰ ਵਿਚ 3.16 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਹੈ | ਇਸ ਵਧੀ ਹੋਈ ਸਬਸਿਡੀ ਦਾ ਮਕਸਦ ਕਿਸਾਨਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਖਾਦਾਂ ਦੀਆਂ ਵਧਦੀਆਂ ਕੀਮਤਾਂ ਤੋਂ ਬਚਾਉਣਾ ਹੈ | ਪਰ ਜੇਕਰ ਵਿਸ਼ਵ ਬਾਜ਼ਾਰ 'ਚ ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਗਈਆਂ ਤਾਂ ਅਖੀਰ ਕਿਸਾਨਾਂ ਲਈ ਵੀ ਖਾਦਾਂ ਥੋੜ੍ਹੀਆਂ ਮਹਿੰਗੀਆਂ ਹੋ ਸਕਦੀਆਂ ਹਨ |
ਹੋਰ ਵਸਤਾਂ 'ਤੇ ਮਹਿੰਗਾਈ ਦਾ ਸੰਭਾਵੀ ਅਸਰ
ਤੇਲ ਤੇ ਖਾਦਾਂ ਤੋਂ ਇਲਾਵਾ ਚੋਣਾਂ ਤੋਂ ਬਾਅਦ ਕਿਰਾਇਆ-ਭਾੜਾ ਭਾਵ ਸੜਕੀ ਆਵਾਜਾਈ ਖ਼ਰਚ ਵਧਣ ਨਾਲ ਸਬਜ਼ੀਆਂ, ਫ਼ਲ, ਦੁੱਧ, ਅਨਾਜ ਅਤੇ ਰੋਜ਼ਾਨਾ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ | ਖਾਦਾਂ ਮਹਿੰਗੀਆਂ ਹੋਣ ਨਾਲ ਅਨਾਜ, ਦਾਲਾਂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀਆਂ ਕੀਮਤਾਂ ਵਧਣੀਆਂ ਸੰਭਵ ਹਨ | ਅੰਤਰਰਾਸ਼ਟਰੀ ਬਾਜ਼ਾਰ ਵਿਚ ਵਧਦੀ ਤਾਂਬੇ, ਐਲੂਮੀਨੀਅਮ ਅਤੇ ਚਾਂਦੀ ਦੀ ਕੀਮਤ ਕਾਰਨ ਇਲੈਕਟ੍ਰੋਨਿਕ ਅਤੇ ਇਲੈਕਟਰੀਕਲ ਵਸਤਾਂ ਦੀਆਂ ਕੀਮਤਾਂ ਪਹਿਲਾਂ ਹੀ ਕਾਫੀ ਵਧ ਚੁੱਕੀਆਂ ਹਨ ਅਤੇ ਹੋਰ ਵਧਣ ਦੇ ਵੀ ਆਸਾਰ ਹਨ | ਹਾਲਾਂਕਿ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਐਲ. ਪੀ. ਜੀ. ਅਤੇ ਸੀ. ਐਨ. ਜੀ. ਗੈਸ ਦੀਆਂ ਕੀਮਤਾਂ ਨਾ ਵਧਣ | ਜਦੋਂ ਕਿ ਕੱਚੇ ਤੇਲ ਤੋਂ ਬਣਨ ਵਾਲੇ ਪਲਾਸਟਿਕ ਅਤੇ ਹੋਰ ਰਸਾਇਣਿਕ ਉਤਪਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ |
ਬਿਜਲੀ ਅਤੇ ਊਰਜਾ ਮਹਿੰਗਾਈ ਦਾ ਖ਼ਤਰਾ
ਤੇਲ ਅਤੇ ਗੈਸ 'ਤੇ ਨਿਰਭਰ ਊਰਜਾ ਦੇ ਬਿਜਲੀ ਯੂਨਿਟਾਂ ਦੀ ਬਿਜਲੀ ਮਹਿੰਗੀ ਹੋ ਰਹੀ ਹੈ | ਉਪਰੋਂ ਗਰਮੀ ਦਾ ਮੌਸਮ ਹੋਣ ਕਾਰਨ ਬਿਜਲੀ ਦੀ ਵਰਤੋਂ ਵੀ ਵਧ ਰਹੀ ਹੈ | ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟ, ਬਿਜਲੀ ਦੀਆਂ ਵਧੀਆਂ ਕੀਮਤਾਂ ਦਾ ਪ੍ਰਗਟਾਵਾ ਹੀ ਹਨ | ਇਸ ਨਾਲ ਦੇਸ਼ ਵਿਚ ਆਮ ਮਹਿੰਗਾਈ ਦਰ 5 ਫੀਸਦੀ ਤੋਂ ਉਪਰ ਜਾਣ ਦਾ ਖ਼ਦਸ਼ਾ ਹੈ |

Ad Position 22
No active advertisement
ਪਿਛਲੀ ਖ਼ਬਰ ਜਸਟਿਸ ਸਵਰਨਕਾਂਤਾ ਮੂਹਰੇ ਪੇਸ਼ ਨਹੀਂ ਹੋਵਾਂਗਾ-ਕੇਜਰੀਵਾਲ <br/> ਅਗਲੀ ਖ਼ਬਰ ਸ਼ਬੀਰ ਸ਼ਾਹ ਐੱਨ. ਆਈ. ਏ. ਅਦਾਲਤ 'ਚ ਪੇਸ਼, ਰਿਮਾਂਡ 'ਚ 10 ਦਿਨਾਂ ਦਾ ਵਾਧਾ <br/>
Ad Position 24