ਨਵੀਂ ਦਿੱਲੀ, 2 ਮਈ (ਏਜੰਸੀਆਂ)-ਦੇਸ਼ ਭਰ 'ਚ ਅੱਜ ਸਵੇਰੇ 11:45 ਵਜੇ ਕਈ ਮੋਬਾਈਲ ਫ਼ੋਨਾਂ 'ਤੇ ਇਕੋ ਸਮੇਂ ਸਾਇਰਨ ਦੀ ਆਵਾਜ਼ ਸੁਣਾਈ ਦੇਣ ਲੱਗੀ | ਸਕਰੀਨ 'ਤੇ ਹਿੰਦੀ-ਅੰਗਰੇਜ਼ੀ 'ਚ ਇਕ ਸੁਨੇਹਾ ਸੀ | ਸਾਇਰਨ ਬੰਦ ਹੋਇਆ ਤਾਂ ਮੋਬਾਈਲ 'ਤੇ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ | ਇਸ ਨਾਲ ਕਈ ਲੋਕ ਪ੍ਰੇਸ਼ਾਨ ਅਤੇ ਹੈਰਾਨ ਹੋ ਗਏ | ਅਸਲ ਵਿਚ ਦੇਸ਼ ਭਰ ਦੇ ਮੋਬਾਈਲ ਫੋਨਾਂ 'ਤੇ ਅੱਜ ਆਇਆ 'ਐਮਰਜੈਂਸੀ ਅਲਰਟ' ਇਕ ਦੇਸ਼ ਵਿਆਪੀ ਟੈਸਟ ਦਾ ਹਿੱਸਾ ਸੀ, ਕੋਈ ਅਸਲ ਖ਼ਤਰਾ ਨਹੀਂ | ਕੇਂਦਰ ਸਰਕਾਰ ਨੇ ਇਸ ਅਭਿਆਸ ਰਾਹੀਂ ਆਪਣੇ ਸਵਦੇਸ਼ੀ 'ਸੈੱਲ ਬਰੌਡਕਾਸਟ' ਚਿਤਾਵਨੀ ਸਿਸਟਮ ਦੀ ਸ਼ੁਰੂਆਤ ਕੀਤੀ ਹੈ, ਜੋ ਆਫ਼ਤਾਂ ਦੌਰਾਨ ਤੁਰੰਤ ਜਾਣਕਾਰੀ ਦੇਣ ਲਈ ਬਣਾਇਆ ਗਿਆ ਹੈ¢ ਇਸ ਪਲੇਟਫਾਰਮ ਦਾ ਨਾਂਅ 'ਸਚੇਤ' ਹੈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਲਾਂਚ ਕੀਤਾ ਹੈ |