ਨਵੀਂ ਦਿੱਲੀ, 3 ਮਈ (ਏਜੰਸੀ)-ਸਪੇਸਐਕਸ ਨੇ ਐਤਵਾਰ ਨੂੰ ਕੈਲੀਫੋਰਨੀਆ ਤੋਂ ਫਾਲਕਨ 9 ਰਾਕਟ ਜ਼ਰੀਏ ਬੈਂਗਲੁਰੂ ਆਧਾਰਿਤ ਸਟਾਰਟ ਅੱਪ ਗਲੈਕਸਆਈ ਦੇ ਮਿਸ਼ਨ ਦਿ੍ਸ਼ਟੀ ਉਪ-ਗ੍ਰਹਿ ਨੂੰ ਲਾਂਚ ਕੀਤਾ | ਕੰਪਨੀ ਅਨੁਸਾਰ ਮਿਸ਼ਨ ਦਿ੍ਸ਼ਟੀ ਦੁਨੀਆ ਦਾ ਪਹਿਲਾ ਓਪਟੋ ਐਸ. ਏ. ਆਰ. ਉਪ-ਗ੍ਰਹਿ ਹੈ, ਜਿਸ ਵਿਚ ਇਲੈਕਟ੍ਰੋ ਓਪਟੀਕਲ (ਈ. ਓ.) ਅਤੇ ਸਿੰਥੈਟਿਕ ਅਪਰਚਰ ਰਾਡਾਰ ਸੈਂਸਰ ਨੂੰ ਇਕ ਹੀ ਪਲੇਟਫਾਰਮ 'ਤੇ ਜੋੜਿਆ ਗਿਆ ਹੈ | ਈ. ਓ. ਸੈਂਸਰ ਧੁੱਪ ਅਤੇ ਸਾਫ਼ ਮੌਸਮ 'ਚ ਹਾਈ ਰੈਜ਼ੂਲੂਸ਼ਨ ਤਸਵੀਰਾਂ ਲੈਂਦੇ ਹਨ ਜਦਕਿ ਐਸ. ਏ. ਆਰ. ਸੈਂਸਰ ਰਡਾਰ ਪਲੱਸ ਜ਼ਰੀਏ ਹਰ ਮੌਸਮ ਅਤੇ ਹਰ ਸਮੇਂ ਤਸਵੀਰਾਂ ਉਪਲਬਧ ਕਰਵਾਉਂਦੇ ਹਨ | ਕੰਪਨੀ ਦੇ ਸੰਸਥਾਪਕ ਅਤੇ ਸੀ. ਈ. ਓ. ਸੁਯਸ਼ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਦੋਹਰੀ ਵਰਤੋਂ ਵਾਲੇ ਧਰਤੀ ਨਿਰੀਖਣ ਉਪ-ਗ੍ਰਹਿ ਦੇ ਤੌਰ 'ਤੇ ਇਹ ਮਿਸ਼ਨ ਰੱਖਿਆ, ਖੇਤੀ, ਆਫਤ ਪ੍ਰਬੰਧਨ, ਸਮੁੰਦਰੀ ਨਿਗਰਾਨੀ ਅਤੇ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਵਰਗੇ ਖੇਤਰਾਂ 'ਚ ਵਰਤੋਂ ਦੇ ਮਾਮਲਿਆਂ ਦਾ ਸਮਰਥਨ ਕਰੇਗਾ |