• ਸੁਰੱਖਿਆ ਦੇ ਸਖ਼ਤ ਪ੍ਰਬੰਧ • ਮਮਤਾ ਵਲੋਂ ਆਪਣਾ ਕਿਲ੍ਹਾ ਬਚਾਉਣ ਲਈ ਮੁਕੰਮਲ ਜ਼ੋਰ, ਭਾਜਪਾ ਵੀ ਪਿੱਛੇ ਨਹੀਂ
ਕੋਲਕਾਤਾ/ਤਿਰੂਵਨੰਤਪੁਰਮ/ਗੁਹਾਟੀ/ਚੇਨਈ, 3 ਮਈ (ਰਣਜੀਤ ਸਿੰਘ ਲੁਧਿਆਣਵੀ/ ਏਜੰਸੀਆਂ)-ਪੱਛਮੀ ਬੰਗਾਲ ਸਮੇਤ ਕੇਰਲ, ਅਸਾਮ, ਤਾਮਿਲਨਾਡੂ ਤੇ ਪੁਡੂਚੇਰੀ 'ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਅੱਜ 4 ਮਈ ਨੂੰ ਐਲਾਨ ਦਿੱਤੇ ਜਾਣਗੇ | ਇਨ੍ਹਾਂ ਰਾਜਾਂ 'ਚ ਚੋਣ ਕੇਂਦਰਾਂ ਤੇ ਉਨ੍ਹਾਂ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਬਲਾਂ ਦੀ ਸਖ਼ਤ ਤੈਨਾਤੀ ਕੀਤੀ ਗਈ ਹੈ, ਜਿਥੇ ਈ.ਵੀ.ਐਮ. ਰੱਖੀਆਂ ਗਈਆਂ ਹਨ | ਉਥੇ ਹੀ ਪੱਛਮੀ ਬੰਗਾਲ ਦੀਆਂ 293 ਸੀਟਾਂ 'ਤੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਮੁੱਖ ਮੰਤਰੀ ਬਣ ਸਕਣਗੇ ਜਾਂ ਭਾਰਤੀ ਜਨਤਾ ਪਾਰਟੀ ਵਲੋਂ ਉਨ੍ਹਾਂ ਨੂੰ ਗੱਦੀ ਤੋਂ ਲਾਹੁਣ ਦੀਆਂ ਕੋਸ਼ਿਸ਼ਾਂ ਸਫ਼ਲ ਹੋ ਜਾਣਗੀਆਂ, ਕਿਉਂਕਿ ਰਿਕਾਰਡ ਵੋਟਾਂ ਤੋਂ ਬਾਅਦ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਨਜ਼ਰ ਹੈ | ਚੋਣ ਨਤੀਜਿਆਂ ਤੋਂ ਬਾਅਦ ਇਥੇ 21 ਮਈ ਨੂੰ ਫ਼ਾਲਤਾ ਵਿਧਾਨ ਸਭਾ ਸੀਟ 'ਤੇ ਵੋਟਾਂ ਪੈਣਗੀਆਂ | ਤਿ੍ਣਮੂਲ ਕਾਂਗਰਸ, ਭਾਰਤੀ ਜਨਤਾ ਪਾਰਟੀ ਵਲੋਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਖੱਬਾ ਮੋਰਚਾ ਦਾ ਕਹਿਣਾ ਹੈ ਕਿ ਕੋਈ ਵੀ ਪਾਰਟੀ 148 ਸੀਟਾਂ ਨੇੜੇ ਪਹੁੰਚਣ 'ਚ ਸਫ਼ਲ ਨਹੀਂ ਹੋਵੇਗੀ ਅਤੇ ਸੈਕੂਲਰ ਸਰਕਾਰ ਕਾਇਮ ਹੋਵੇਗੀ | ਸੀ.ਪੀ.ਐਮ. ਦੇ ਸਤਰੂਪ ਘੋਸ਼ ਨੇ ਤਾਂ ਦਾਅਵਾ ਕੀਤਾ ਹੈ ਕਿ 4 ਮਈ ਤੋਂ ਬਾਅਦ ਬੰਗਾਲ 'ਚੋਂ ਭਾਜਪਾ ਦਾ ਸਫ਼ਾਇਆ ਹੋ ਜਾਵੇਗਾ ਅਤੇ 20-25 ਸਾਲ ਤੱਕ ਇਹ ਪਾਰਟੀ ਸੱਤਾ ਦੇ ਨੇੜੇ ਨਹੀਂ ਆ ਸਕੇਗੀ | ਬੰਗਾਲ 'ਚ ਬਾਬਰੀ ਮਸਜਿਦ ਬਣਾ ਰਹੇ ਜਨਤਾ ਉਨੰਯਨ ਪਾਰਟੀ ਦੇ ਆਗੂ ਹੁਮਾਯੂੰ ਕਬੀਰ ਦਾ ਕਹਿਣਾ ਹੈ ਕਿ ਤਿ੍ਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ 148 ਸੀਟਾਂ ਲਾਗੇ ਨਹੀਂ ਪਹੁੰਚ ਸਕਣਗੇ ਅਤੇ ਅਸੀਂ ਫੈਸਲਾ ਕਰਾਂਗੇ |
ਕੇਰਲ 'ਚ ਵੱਖ-ਵੱਖ ਆਗੂਆਂ ਵਲੋਂ ਜਿੱਤ ਦਾ ਦਾਅਵਾ
ਕੇਰਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਤੇ ਉਮੀਦਵਾਰਾਂ ਨੇ ਆਪਣੀ ਜਿੱਤ ਦਾ ਭਰੋਸਾ ਜਤਾਇਆ | ਇਥੇ 140 ਮੈਂਬਰਾਂ ਵਾਲੀ ਵਿਧਾਨ ਸਭਾ ਲਈ 9 ਅਪ੍ਰੈਲ ਨੂੰ ਵੋਟਿੰਗ ਹੋਈ ਸੀ | ਕੇਰਲ ਦੇ ਮੰਤਰੀ ਪੀ.ਏ. ਮੁਹੰਮਦ ਰਿਆਸ ਨੇ ਕਿਹਾ ਕਿ ਪੂਰੇ ਰਾਜ 'ਚ ਸੀ.ਪੀ.ਆਈ. (ਐਮ) ਦੀ ਅਗਵਾਈ ਵਾਲੇ ਐਲ.ਡੀ.ਐਫ਼. ਲਈ ਹਾਲਾਤ ਚੰਗੇ ਹਨ ਤੇ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ | ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ ਨੇ ਕਿਹਾ ਕਿ ਉਹ ਨਤੀਜੇ ਆਉਣ ਤੋਂ ਬਾਅਦ ਹੀ ਕੁਝ ਬੋਲਣਗੇ | ਭਾਜਪਾ ਆਗੂ ਵੀ. ਮੁਰਲੀਧਰਨ ਨੇ ਕਿਹਾ ਕਿ ਵੋਟਰਾਂ ਤੋਂ ਮਿਲੇ ਹੁੰਗਾਰੇ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦਾ ਸਮਰਥਨ ਲਗਾਤਾਰ ਵੱਧ ਰਿਹਾ ਹੈ | ਕਾਂਗਰਸੀ ਆਗੂ ਰਮੇਸ਼ ਚੇਨਿਥਲਾ ਨੇ ਕਿਹਾ ਕਿ ਯੂ.ਡੀ.ਐਫ. ਚੋਣਾਂ 'ਚ ਜਿੱਤ ਹਾਸਿਲ ਕਰੇਗਾ |
ਅਸਾਮ 'ਚ ਭਾਜਪਾ ਦੀ ਹੈਟਿ੍ਕ ਜਾਂ ਕਾਂਗਰਸ ਦੀ ਵਾਪਸੀ
ਅਸਾਮ 'ਚ ਚੋਣ ਨਤੀਜੇ ਤੈਅ ਕਰਨਗੇ ਕਿ ਕੀ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ ਤੀਸਰਾ ਕਾਰਜਕਾਲ ਮਿਲੇਗਾ ਜਾਂ ਫਿਰ ਕਾਂਗਰਸ ਹੀ ਸੱਤਾ 'ਤੇ ਕਾਬਜ਼ ਹੋਵੇਗੀ | ਰਾਜ ਦੀਆਂ 126 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੇ 722 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਬੰਦ ਹੈ | ਸੋਮਵਾਰ ਨੂੰ ਜਿਨ੍ਹਾਂ ਪ੍ਰਮੁੱਖ ਹਸਤੀਆਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ, ਉਨ੍ਹਾਂ 'ਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕਾਂਗਰਸ ਦੇ ਪ੍ਰਦੇਸ਼ ਇਕਾਈ ਦੇ ਪ੍ਰਮੁੱਖ ਗੌਰਵ ਗੋਗੋਈ, ਵਿਧਾਨ ਸਭਾ ਦੇ ਸਪੀਕਰ ਬਿਸਵਜੀਤ ਦੈਮਾਰੀ, ਵਿਰੋਧੀ ਧਿਰ ਦੇ ਨੇਤਾ ਦੇਬਬ੍ਰਤ ਸੈਕੀਆ, ਏ.ਆਈ.ਯੂ.ਡੀ.ਐਫ. ਪ੍ਰਮੁੱਖ ਬਦਰੂਦੀਨ ਅਜਮਲ, ਰਾਏਜੋਰ ਦਲ ਦੇ ਪ੍ਰਮੁੱਖ ਤੇ ਸੰਸਦ ਮੈਂਬਰ ਅਖਿਲ ਗੋਗੋਈ ਤੇ ਅਸਾਮ ਜਾਤੀ ਪ੍ਰੀਸ਼ਦ ਦੇ ਮੁਖੀ ਲੁਰਿਨਜਯੋਤੀ ਗੋਗੋਈ ਸ਼ਾਮਿਲ ਹਨ |
ਤਾਮਿਲਨਾਡੂ 'ਚ ਸਾਰੇ ਪ੍ਰਬੰਧ ਮੁਕੰਮਲ
ਤਾਮਿਲਨਾਡੂ ਦੀ ਮੁੱਖ ਚੋਣ ਅਧਿਕਾਰੀ ਅਰਚਨਾ ਪਟਨਾਇਕ ਨੇ ਕਿਹਾ ਕਿ 4 ਮਈ ਨੂੰ ਰਾਜ ਭਰ 'ਚ 62 ਗਿਣਤੀ ਕੇਂਦਰਾਂ 'ਤੇ ਸਾਰੇ ਪ੍ਰਬੰਧ ਹੋ ਚੁੱਕੇ ਹਨ | ਰਾਜ ਦੀਆਂ 234 ਸੀਟਾਂ ਲਈ 23 ਅਪ੍ਰੈਲ ਨੂੰ ਚੋਣਾਂ ਹੋਈਆਂ ਸਨ | ਇਥੇ ਮੌਜੂਦਾ ਸੱਤਾਧਾਰੀ ਡੀ.ਐਮ.ਕੇ. ਤੇ ਉਸ ਦੀ ਮੁੱਖ ਵਿਰੋਧੀ ਏ. ਆਈ. ਏ. ਡੀ. ਐਮ. ਕੇ. ਵਿਚਾਲੇ ਸਖ਼ਤ ਮੁਕਾਬਲਾ ਹੈ | ਹਾਲਾਂਕਿ ਅਦਾਕਾਰ-ਰਾਜਨੇਤਾ ਵਿਜੇ ਦੀ ਅਗਵਾਈ ਵਾਲੀ ਟੀ.ਵੀ.ਕੇ. ਦੇ ਚੋਣ ਮੈਦਾਨ 'ਚ ਆਉਣ ਨਾਲ ਜਿੱਤ ਦੀਆਂ ਸੰਭਾਵਨਾਵਾਂ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਗਿਆ ਹੈ ਅਤੇ ਤਾਮਿਲ ਰਾਸ਼ਟਰਵਾਦੀ ਸੀਮਾਨ ਦੀ ਐਨ.ਟੀ.ਕੇ. ਵੀ ਇਨ੍ਹਾਂ ਚੋਣਾਂ 'ਚ ਅਹਿਮ ਫੈਕਟਰ ਹੈ | ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ 'ਚ ਵੀ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ | ਇਥੇ ਸੱਤਾਧਾਰੀ ਐਨ.ਡੀ.ਏ. ਅਤੇ ਡੀ.ਐਮ.ਕੇ. ਤੇ ਕਾਂਗਰਸ ਦੀ ਅਗਵਾਈ ਵਾਲੇ 'ਇੰਡੀਆ' ਗੱਠਜੋੜ ਵਿਚਾਲੇ ਮੁੱਖ ਮੁਕਾਬਲਾ ਹੈ |
ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਪੁਡੂਚੇਰੀ 'ਚ ਵੋਟਾਂ ਦੀ ਗਿਣਤੀ ਅੱਜ
ਅਜੀਤ ਡੈਸਕ
04-05-2026