ਭਗਵੰਤ ਮਾਨ ਨੇ ਅਸ਼ੋਕ ਮਿੱਤਲ ਦਾ ਨਾਂਅ ਲੈ ਕੇ ਮਿਸਾਲ ਦਿੰਦਿਆਂ ਕਿਹਾ ਕਿ 10 ਦਿਨ ਪਹਿਲਾਂ ਅਸ਼ੋਕ ਮਿੱਤਲ ਦੇ ਕਾਰੋਬਾਰੀ ਠਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ ਹੁੰਦੀ ਹੈ, ਜੋ ਦੋ ਦਿਨ ਤੱਕ ਚੱਲਦੀ ਹੈ ਅਤੇ 10 ਦਿਨ ਬਾਅਦ ਉਨ੍ਹਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਂਦੀ ਹੈ | ਨਾਲ ਹੀ ਕਿਹਾ ਕਿ ਕਿਹੜੀ ਵਾਸ਼ਿੰਗ ਮਸ਼ੀਨ 'ਚ ਕੌਣ ਧੋਤਾ ਗਿਆ ਇਹ ਲੋਕ ਵੇਖ ਰਹੇ ਹਨ | ਭਗਵੰਤ ਮਾਨ ਨੇ ਬਾਗ਼ੀ ਸੰਸਦ ਮੈਂਬਰਾਂ ਪ੍ਰਤੀ ਸਖ਼ਤ ਰੁਖ਼ ਅਪਣਾਉਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਭਾਜਪਾ ਦੀ ਢਾਲ ਉਨ੍ਹਾਂ ਨੂੰ ਹੋਰ ਸੂਬਿਆਂ 'ਚ ਕਾਨੂੰਨ ਦੇ ਫੰਦੇ ਤੋਂ ਬਚਾਅ ਸਕਦੀ ਹੈ ਪਰ ਪੰਜਾਬ ਵਿਚ ਨਹੀਂ | ਮਾਨ ਨੇ ਰਾਘਵ ਚੱਢਾ ਵਲੋਂ ਦਿੱਤੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ, ਜਿਸ 'ਚ ਉਨ੍ਹਾਂ ਸੂਬਾ ਸਰਕਾਰ 'ਤੇ 'ਤੰਗ' ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਸੀ ਉਨ੍ਹਾਂ (ਪੰਜਾਬ ਸਰਕਾਰ) ਕੋਲ ਇਕ ਰਾਜ ਦੀ ਪੁਲਿਸ ਹੈ, ਸਾਡੇ ਕੋਲ 21 ਰਾਜਾਂ ਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਅਜਿਹੀਆਂ ਧਮਕੀਆਂ ਬਰਦਾਸ਼ਤ ਨਹੀਂ ਕਰਦੇ |