ਅੰਮਿ੍ਤਸਰ, 5 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਚਾਰਸੱਦਾ ਦੇ ਉਤਮਾਨਜ਼ਈ 'ਚ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਸਮਰਥਕ ਸ਼ੇਖ-ਉਲ-ਹਦੀਸ ਮੌਲਾਨਾ ਮੁਹੰਮਦ ਇਦਰੀਸ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਹਮਲੇ 'ਚ ਮੌਲਾਨਾ ਦੇ ਦੋ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋ ਗਏ | ਪਿਸ਼ਾਵਰ ਪੁਲਿਸ ਨੇ ਦੱਸਿਆ ਕਿ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਮੌਲਾਨਾ ਇਦਰੀਸ ਦੀ ਗੱਡੀ 'ਤੇ ਹਮਲਾ ਕਰ ਦਿੱਤਾ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ ਅਤੇ ਹਮਲਾਵਰ ਮੌਕੇ ਤੋਂ ਭੱਜ ਗਏ | ਘਟਨਾ ਸਥਾਨ ਦੀਆਂ ਜਾਰੀ ਕੀਤੀਆਂ ਗਈਆਂ ਵੀਡੀਓਜ਼ 'ਚ ਗੋਲੀਆਂ ਨਾਲ ਛਲਨੀ ਹੋਈ ਮੌਲਾਨਾ ਦੀ ਕਾਰ ਅਤੇ ਸਟ੍ਰੈਚਰ 'ਤੇ ਉਨ੍ਹਾਂ ਨੂੰ ਹਸਪਤਾਲ ਲਿਜਾਂਦੇ ਵਿਖਾਇਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਜਦੋਂ ਮੌਲਾਨਾ ਉਸਮਾਨਜ਼ਈ ਦਾਰੁਲ ਉਲੂਮ (ਦਰਸ-ਏ-ਹਦੀਸ) ਲੈਕਚਰ ਦੇਣ ਜਾ ਰਹੇ ਸਨ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਉਹ ਗੰਭੀਰ ਜ਼ਖਮੀ ਹੋ ਗਏ ਅਤੇ ਜ਼ਿਲ੍ਹਾ ਹੈੱਡਕੁਆਟਰ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ | ਮੌਲਾਨਾ ਦੀ ਲਾਸ਼ ਨੂੰ ਚਾਰਸੱਦਾ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਤੁਰੰਗਜ਼ਈ ਲਿਜਾਇਆ ਗਿਆ |