ਪੰਜਾਬ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੇ ਲਿਆਂਦੀ ਇਤਿਹਾਸਕ ਤਬਦੀਲੀ
ਚੰਡੀਗੜ੍ਹ, 12 ਮਈ (ਅਜੀਤ ਬਿਊਰੋ)-ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸ਼ਾਨਦਾਰ ਤਬਦੀਲੀ ਲਿਆਂਦੀ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਨੇ ਨਾ ਸਿਰਫ਼ ਪ੍ਰਭਾਵਸ਼ਾਲੀ 94.52 ਪਾਸ ਫੀਸਦ ਦਰਜ ਕੀਤੀ, ਸਗੋਂ ਮੈਰਿਟ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਲੜਕੀਆਂ ਦੇ ਵਧਦੇ ਦਬਦਬੇ ਨੂੰ ਵੀ ਦਰਸਾਇਆ ਹੈ | ਇਸ ਪ੍ਰੀਖਿਆ ਵਿਚ 2,54,744 ਵਿਦਿਆਰਥੀ ਪਾਸ ਹੋਏ, ਕੁੜੀਆਂ ਨੇ ਪਹਿਲੇ ਤਿੰਨ ਸਥਾਨਾਂ ਵਿਚੋਂ ਦੋ ਸਥਾਨ ਪ੍ਰਾਪਤ ਕੀਤੇ, ਜਦੋਂ ਕਿ ਸਰਕਾਰੀ ਸਕੂਲਾਂ ਦੇ 88 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ, ਜੋ 'ਆਪ' ਸਰਕਾਰ ਦੇ ਆਧੁਨਿਕ ਕਲਾਸਰੂਮਾਂ, ਅਧਿਆਪਕ ਸਿਖਲਾਈ ਅਤੇ ਬਰਾਬਰ ਵਿੱਦਿਅਕ ਮੌਕਿਆਂ 'ਤੇ ਧਿਆਨ ਕੇਂਦਰਿਤ ਕਰਨ ਦੁਆਰਾ ਲਿਆਂਦੇ ਗਏ ਵਿਆਪਕ ਬਦਲਾਅ ਨੂੰ ਦਰਸਾਉਂਦਾ ਹੈ | ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਹਰਲੀਨ ਸ਼ਰਮਾ, ਮਨੀਮਹੇਸ਼ ਸ਼ਰਮਾ ਤੇ ਰੀਆ ਰਾਣੀ ਨੇ ਇਨ੍ਹਾਂ ਪ੍ਰੀਖਿਆਵਾਂ ਵਿਚ ਕ੍ਰਮਵਾਰ 99.38 ਫੀਸਦੀ, 99.23 ਫੀਸਦੀ ਅਤੇ 99.23 ਫੀਸਦੀ ਪ੍ਰਾਪਤ ਕੀਤੇ ਹਨ | ਇਨ੍ਹਾਂ ਵਿਦਿਆਰਥੀਆਂ ਨੇ ਮਿਹਨਤ, ਲਗਨ ਤੇ ਦਿ੍ੜ੍ਹ ਇਰਾਦੇ ਨਾਲ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ | ਇਹ ਸਾਡੇ ਸਾਰਿਆਂ ਲਈ ਮਾਣਮੱਤਾ ਅਤੇ ਯਾਦਗਾਰੀ ਮੌਕਾ ਹੈ ਅਤੇ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਇਸ ਪ੍ਰਾਪਤੀ ਲਈ ਪ੍ਰਸੰਸਾ ਦੇ ਹੱਕਦਾਰ ਹਨ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਤਿੰਨੇ ਵਿਦਿਆਰਥੀ ਆਪਣੀ ਪਸੰਦ ਦੀ ਕਿਸੇ ਵੀ ਸਟ੍ਰੀਮ ਵਿਚ ਸਕੂਲ ਆਫ਼ ਐਮੀਨੈਂਸ ਵਿਚ ਸਿੱਧਾ ਦਾਖ਼ਲਾ ਲੈ ਸਕਣਗੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਪ੍ਰਸੰਸਾ ਵਜੋਂ 50,000 ਰੁਪਏ ਦੇ ਚੈੱਕ ਵੀ ਸੌਂਪੇ | ਇਸ ਦੌਰਾਨ ਤਿੰਨੋਂ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਆਈ.ਆਈ.ਟੀ. ਅਤੇ ਜੇ.ਈ.ਈ. ਕੋਚਿੰਗ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰਨਾ ਉਤਸ਼ਾਹਜਨਕ ਹੈ, ਜੋ ਆਮ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਨਵੇਂ ਮੌਕੇ ਖੋਲ੍ਹ ਰਿਹਾ ਹੈ | ਇਸ ਮੌਕੇ ਸਿੱਖਿਆ ਸਕੱਤਰ ਸੋਨਾਲੀ ਗਿਰਿ ਅਤੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ | ਬੱਚਿਆਂ ਨਾਲ ਮਿਲਣੀ ਦੇ ਕੁੱਝ ਅੰਸ਼ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕੱਲ੍ਹ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਬੱਚਿਆਂ ਵਿਚ ਪ੍ਰਤਿਭਾ ਜਾਂ ਯੋਗਤਾ ਦੀ ਕੋਈ ਘਾਟ ਨਹੀਂ ਹੈ |
ਮੁੱਖ ਮੰਤਰੀ ਨੇ 10ਵੀਂ ਜਮਾਤ ਦੇ ਅੱਵਲ ਰਹੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ ਤੇ ਤਿੰਨਾਂ ਨੂੰ ਕੀਤਾ ਸਨਮਾਨਿਤ
ਅਜੀਤ ਡੈਸਕ
13-05-2026