ਪੈਟਰੋਲੀਅਮ ਮੰਤਰੀ ਨੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਣ ਦੇ ਦਿੱਤੇ ਸੰਕੇਤ
ਨਵੀਂ ਦਿੱਲੀ, 12 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਈਰਾਨ ਜੰਗ ਦਰਮਿਆਨ ਦੇਸ਼ਵਾਸੀਆਂ ਨੂੰ ਪੈਟਰੋਲ-ਡੀਜ਼ਲ ਬਚਾਉਣ ਲਈ 'ਵਰਕ ਫਰਾਮ ਹੋਮ' ਦੀ ਅਪੀਲ ਤੋਂ ਬਾਅਦ ਤੇਲ ਦੀ ਕਿੱਲਤ ਦੇ ਵਧੇ ਹੋਏ ਖਦਸ਼ੇ ਦਰਮਿਆਨ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਰੋਸਾ ਦਿਵਾਇਆ ਕਿ ਦੇਸ਼ 'ਚ ਤੇਲ ਦੀ ਕੋਈ ਕਮੀ ਨਹੀਂ ਹੈ | ਪੁਰੀ ਨੇ ਇਸ ਵਿਚਾਰ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਦੇਸ਼ 'ਚ ਹਾਲ-ਫ਼ਿਲਹਾਲ ਲਾਕਡਾਊਨ ਦੀ ਕੋਈ ਯੋਜਨਾ ਨਹੀਂ ਹੈ | ਪੁਰੀ ਨੇ ਮੰਗਲਵਾਰ ਨੂੰ ਸੀ.ਆਈ.ਆਈ. ਦੇ ਸਾਲਾਨਾ ਬਿਜ਼ਨੈੱਸ ਸਿਖ਼ਰ ਸੰਮੇਲਨ 'ਚ ਬੋਲਦਿਆਂ ਕਿਹਾ ਕਿ ਭਾਰਤ ਕੋਲ ਇਸ ਵੇਲੇ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਦੀ ਐਲ.ਐਨ.ਜੀ. ਅਤੇ 45 ਦਿਨਾਂ ਦੀ ਐਲ.ਪੀ.ਜੀ. ਦਾ ਭੰਡਾਰ ਹੈ | ਉਨ੍ਹਾਂ ਕਿਹਾ ਕਿ ਇਹ ਭੰਡਾਰ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਕਾਫ਼ੀ ਹੈ | ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਟਕਰਾਅ ਦਰਮਿਆਨ ਸਰਕਾਰ ਵਲੋਂ ਐਲ.ਪੀ.ਜੀ. ਉਤਪਾਦਨ ਨੂੰ 35 ਤੋਂ 36 ਹਜ਼ਾਰ ਟਨ ਰੋਜ਼ਾਨਾ ਤੋਂ ਵਧਾ ਕੇ 54 ਹਜ਼ਾਰ ਟਨ ਰੋਜ਼ਾਨਾ ਕਰ ਦਿੱਤਾ ਗਿਆ ਹੈ | ਪੁਰੀ ਨੇ ਪ੍ਰਧਾਨ ਮੰਤਰੀ ਵਲੋਂ ਕੀਤੀ ਅਪੀਲ ਨੂੰ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਅਪੀਲ ਨੂੰ ਘੱਟ ਖਰਚਾ ਕਰਨ ਦੀ ਤਾਕੀਦ ਅਤੇ ਚੌਕਸੀ ਵਰਤਣ ਦੇ ਸੰਕੇਤ ਵਜੋਂ ਲਿਆ ਜਾਣਾ ਚਾਹੀਦਾ ਹੈ ਅਤੇ ਪੱਛਮੀ ਏਸ਼ੀਆ ਟਕਰਾਅ ਨਾਲ ਪੈਦਾ ਹੋਏ ਖਜ਼ਾਨੇ 'ਤੇ ਪੈਣ ਵਾਲੇ ਦਬਾਅ ਨੂੰ ਘੱਟ ਕਰਨ ਦੇ ਤਰੀਕਿਆਂ 'ਤੇ ਵਿਚਾਰ ਸ਼ੁਰੂ ਕਰਨਾ ਚਾਹੀਦਾ ਹੈ | ਹਾਲਾਂਕਿ ਪੈਟਰੋਲੀਅਮ ਮੰਤਰੀ ਨੇ ਆਉਣ ਵਾਲੇ ਸਮੇਂ 'ਚ ਬਾਲਣ ਦੀ ਕੀਮਤ ਵਧਣ ਦੇ ਸੰਕੇਤ ਵੀ ਦਿੱਤੇ, ਪਰ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਹਾਲੀਆ ਸੂਬਾਈ ਵਿਧਾਨ ਸਭਾ ਚੋਣਾਂ ਦੇ ਕਾਰਨ ਕੀਮਤਾਂ 'ਚ ਵਾਧੇ ਨੂੰ ਰੋਕਿਆ ਗਿਆ ਸੀ | ਕੇਂਦਰੀ ਮੰਤਰੀ ਨੇ ਸਰਕਾਰੀ ਤੇਲ ਕੰਪਨੀਆਂ ਦੀ ਸਥਿਤੀ ਦੱਸਦਿਆਂ ਕਿਹਾ ਕਿ ਤੇਲ ਕੰਪਨੀਆਂ ਇਸ ਵੇਲੇ ਹਰ ਰੋਜ਼ 1000 ਕਰੋੜ ਰੁਪਏ ਦਾ ਘਾਟਾ ਝੱਲ ਰਹੀਆਂ ਹਨ | ਇਸ ਤਿਮਾਹੀ 'ਚ ਕੰਪਨੀਆਂ ਦਾ ਘਾਟਾ 1 ਲੱਖ ਕਰੋੜ ਤੱਕ ਪਹੁੰਚ ਗਿਆ ਹੈ | ਪੁਰੀ ਨੇ ਆਲਮੀ ਅਨਿਸਚਿਤਤਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਆਲਮੀ ਪੱਧਰ 'ਤੇ ਜੰਗ ਅਤੇ ਤਣਾਅ ਜਾਰੀ ਰਹਿੰਦਾ ਹੈ ਤਾਂ ਦੇਸ਼ ਦੀ ਅਰਥਵਿਵਸਥਾ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕਣੇ ਹੋਣਗੇ | ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਖਪਤਕਾਰਾਂ ਨੂੰ ਅਚਾਨਕ ਲੱਗਣ ਵਾਲੇ ਝਟਕਿਆਂ ਤੋਂ ਬਚਾਉਣਾ ਹੈ ਪਰ ਤੇਲ ਕੰਪਨੀਆਂ ਦੇ ਸਹਿਣ ਦੀ ਸਮਰੱਥਾ ਇਕ ਹੱਦ ਤੱਕ ਹੀ ਹੈ |
ਦੇਸ਼ 'ਚ ਤੇਲ, ਐਲ.ਪੀ.ਜੀ. ਦੀ ਕੋਈ ਕਮੀ ਨਹੀਂ-ਹਰਦੀਪ ਸਿੰਘ ਪੁਰੀ
ਅਜੀਤ ਡੈਸਕ
13-05-2026