ਨਵੀਂ ਦਿੱਲੀ, 13 ਮਈ (ਪੀ.ਟੀ.ਆਈ)-ਨੀਟ ਯੂ.ਜੀ ਪੇਪਰ ਲੀਕ ਮਾਮਲੇ 'ਚ ਸੀ.ਬੀ.ਆਈ. ਨੇ ਆਪਣੀ ਜਾਂਚ ਤੇਜ਼ ਕਰਦਿਆਂ ਬੁੱਧਵਾਰ ਨੂੰ ਦੇਸ਼ ਭਰ 'ਚ ਕਈ ਥਾਈਾ ਛਾਪੇਮਾਰੀ ਕੀਤੀ ਅਤੇ ਇਸ ਮਾਮਲੇ 'ਚ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਜੈਪੁਰ ਤੋਂ ਤਿੰਨ, ਗੁਰੂਗ੍ਰਾਮ ਤੋਂ ਇਕ ਅਤੇ ਨਾਸਿਕ ਤੋਂ ਇਕ ਵਿਅਕਤੀ ਨੂੰ ਪੇਪਰ ਲੀਕ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ, ਜਦੋਂਕਿ ਕਈ ਹੋਰਨਾਂ ਸ਼ੱਕੀਆਂ ਤੋਂ ਵੱਖ-ਵੱਖ ਸ਼ਹਿਰਾਂ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬਾਅਦ 'ਚ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ | ਨਾਸਿਕ ਤੋਂ ਗਿ੍ਫ਼ਤਾਰ ਕੀਤੇ ਸ਼ੁਭਮ ਖੈਰਨਾਰ (30) ਨੂੰ ਹੋਰ ਪੁੱਛਗਿੱਛ ਲਈ ਦਿੱਲੀ ਲਿਆਂਦਾ ਜਾ ਰਿਹਾ ਹੈ, ਕਿਉਂਕਿ ਸਥਾਨਕ ਅਦਾਲਤ ਨੇ ਸੀ.ਬੀ.ਆਈ. ਨੂੰ ਉਸ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜਾਂਚ ਆਪਣੇ ਹੱਥ 'ਚ ਲੈਣ ਦੇ ਬਾਅਦ ਸੀ.ਬੀ.ਆਈ. ਵਲੋਂ ਮਿਲ ਰਹੇ ਨਵੇਂ ਸੁਰਾਗਾਂ ਦੇ ਆਧਾਰ 'ਤੇ ਦੇਸ਼ ਭਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਨੇ ਸ਼ੱਕੀਆਂ ਦੇ ਮੋਬਾਈਲ ਫ਼ੋਨ ਅਤੇ ਲੈਪਟਾਪ ਸਮੇਤ ਕਈ ਡਿਜੀਟਲ ਉਪਕਰਨ ਵੀ ਜ਼ਬਤ ਕੀਤੇ ਹਨ, ਜਿਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ, ਤਾਂ ਜੋ ਉਨ੍ਹਾਂ ਮੈਸੇਜਿੰਗ ਐਪਸ ਦਾ ਪਤਾ ਲਗਾਇਆ ਜਾ ਸਕੇ ਜਿਨ੍ਹਾਂ ਦੀ ਵਰਤੋਂ ਪ੍ਰੀਖਿਆ ਦੇ ਪੇਪਰ ਲੀਕ ਕਰਨ ਲਈ ਕੀਤੀ ਗਈ ਹੋ ਸਕਦੀ ਹੈ | ਏਜੰਸੀ ਦੇ ਸੂਤਰਾਂ ਅਨੁਸਾਰ ਸੀ.ਬੀ.ਆਈ. ਰਾਜਸਥਾਨ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਨਾਲ ਤਾਲਮੇਲ ਕਰ ਰਹੀ ਹੈ, ਜਿਸ ਨੇ ਇਸ ਮਾਮਲੇ 'ਚ ਸ਼ੁਰੂਆਤੀ ਜਾਂਚ ਕੀਤੀ ਸੀ | ਇਕ ਅਧਿਕਾਰੀ ਨੇ ਦੱਸਿਆ ਕਿ ਸੀ.ਬੀ.ਆਈ. ਵਿਆਪਕ ਤਕਨੀਕੀ ਅਤੇ ਫੋਰੈਂਸਿਕ ਵਿਸ਼ਲੇਸ਼ਣ ਦੇ ਜ਼ਰੀਏ ਪੇਪਰ ਲੀਕ ਨਾਲ ਜੁੜੇ ਸਾਰੇ ਸੁਰਾਗਾਂ ਦਾ ਪਤਾ ਲਗਾ ਰਹੀ ਹੈ | ਸੀ.ਬੀ.ਆਈ ਨੇ ਬੁੱਧਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੇ ਮੁੱਖ ਦਫ਼ਤਰ ਦਾ ਵੀ ਦੌਰਾ ਕੀਤਾ ਤਾਂ ਜੋ ਨੀਟ ਯੂ.ਜੀ ਪ੍ਰੀਖਿਆ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਇਕੱਠਾ ਕੀਤਾ ਜਾ ਸਕੇ | ਟੀਮ ਨੇ ਪ੍ਰੀਖਿਆ ਪ੍ਰਕਿਰਿਆ 'ਚ ਸ਼ਾਮਿਲ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ |