ਨਵੀਂ ਦਿੱਲੀ, 13 ਮਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੀਟ ਪੇਪਰ ਲੀਕ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਲੱਖਾਂ ਵਿਦਿਆਰਥੀਆਂ ਨਾਲ ਵਿਸ਼ਵਾਸਘਾਤ ਦੱਸਿਆ, ਜਿਨ੍ਹਾਂ ਦੇ ਸੁਪਨੇ ਪ੍ਰੀਖਿਆ ਪ੍ਰਣਾਲੀ ਵਿਚ ਵਾਰ-ਵਾਰ ਅਸਫਲਤਾਵਾਂ ਕਾਰਨ ਚੂਰ-ਚੂਰ ਹੋ ਗਏ ਹਨ | ਕਈ ਮੁੱਦਿਆਂ 'ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਲੋਂ ਭਾਜਪਾ ਦੇ ਇਸ਼ਾਰੇ 'ਤੇ ਰਾਜਨੀਤੀ ਵਿਚ ਆਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਵਿਰੁੱਧ ਡਰਾਉਣ-ਧਮਕਾਉਣ ਦੀ ਮੁਹਿੰਮ ਵਿੱਢੀ ਗਈ ਹੈ | ਪੰਜਾਬ ਚੋਣਾਂ ਤੋਂ ਪਹਿਲਾਂ ਲੋਕ ਪੱਖੀ ਸ਼ਾਸਨ ਅਤੇ ਭਲਾਈ ਨੂੰ 'ਆਪ' ਦੇ ਕੇਂਦਰੀ ਚੋਣ ਮੁੱਦੇ ਵਜੋਂ ਪੇਸ਼ ਕਰਦੇ ਹੋਏ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ 'ਰੰਗਲਾ ਪੰਜਾਬ' ਦੇ ਮੁੱਦੇ 'ਤੇ ਨਵੇਂ ਸਿਰੇ ਤੋਂ ਫ਼ਤਵਾ ਮੰਗੇਗੀ, ਜਿਸ ਵਿਚ ਮੁਫ਼ਤ ਬਿਜਲੀ, ਨਕਦੀ ਰਹਿਤ ਸਿਹਤ ਸੰਭਾਲ ਅਤੇ ਵਿਕਾਸ-ਮੁਖੀ ਸਾਸ਼ਨ ਨੂੰ ਪ੍ਰਮੁੱਖ ਰੂਪ ਵਿਚ ਉਜਾਗਰ ਕੀਤਾ ਜਾਵੇਗਾ |