ਨਵੀਂ ਦਿੱਲੀ, 15 ਮਈ (ਉਪਮਾ ਡਾਗਾ ਪਾਰਥ)-ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਅਜੋਕੀਆਂ ਜੰਗਾਂ 'ਚ ਡਰੋਨ ਅਤੇ ਅਨਮੈਨਡ ਏਰੀਅਲ ਸਿਸਟਮ ਦੀ ਵਧਦੀ ਭੂਮਿਕਾ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਹੁਣ ਡਰੋਨ ਸਿਰਫ਼ ਅਸਮਾਨ ਦੀਆਂ ਅੱਖਾਂ ਨਹੀਂ ਰਹੇ, ਸਗੋਂ ਅਸਮਾਨ ਦੇ ਪੰਜੇ ਬਣ ਗਏ ਹਨ | ਉਨ੍ਹਾਂ ਕਿਹਾ ਕਿ ਹੁਣ ਡਰੋਨਾਂ ਦੀ ਵਰਤੋਂ ਸਿਰਫ਼ ਨਿਗਰਾਨੀ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਸਿੱਧਾ ਹਮਲਾ ਕਰਨ ਅਤੇ ਦੁਸ਼ਮਣਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਵੀ ਰੱਖਦੇ ਹਨ | ਦਿੱਲੀ 'ਚ ਇਕ ਪ੍ਰੋਗਰਾਮ 'ਚ ਬੋਲਦਿਆਂ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਆਧੁਨਿਕ ਜੰਗ ਦਾ ਰੂਪ ਤੇਜ਼ੀ ਨਾਲ ਬਦਲ ਰਿਹਾ ਹੈ | ਹੁਣ ਜੰਗ ਰਵਾਇਤੀ ਤਰੀਕੇ ਤੋਂ ਹਟ ਕੇ ਤਕਨੀਕ ਆਧਾਰਿਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਡਰੋਨ ਅਤੇ ਕਾਊਾਟਰ ਡਰੋਨ ਸਿਸਟਮ ਹੁਣ ਭਵਿੱਖ ਦੀ ਨਹੀਂ, ਸਗੋਂ ਮੌਜੂਦਾ ਸਮੇਂ ਦੀ ਲੋੜ ਬਣ ਚੁੱਕੇ ਹਨ | ਉਨ੍ਹਾਂ ਕਿਹਾ ਕਿ ਆਧੁਨਿਕ ਜੰਗ 'ਚ ਸਭ ਤੋਂ ਅਹਿਮ ਚੀਜ਼ ਪੂਰੇ ਹਵਾਈ ਖੇਤਰ ਦੀ ਸਟੀਕ ਜਾਣਕਾਰੀ ਹੋਣਾ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਪਣੇ ਅਤੇ ਦੁਸ਼ਮਣ ਦੇ ਸਿਸਟਮ ਦੀ ਸਹੀ ਪਛਾਣ ਨਾ ਹੋਵੇ ਤਾਂ 'ਫ੍ਰੈਂਡਲੀ ਫਾਇਰ' ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ | ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਭਵਿੱਖ ਦੀ ਜੰਗ 'ਮੈਨਡ ਅਤੇ ਅਨਮੈਨਡ ਟੀਮਿੰਗ' 'ਤੇ ਆਧਾਰਿਤ ਹੋਵੇਗੀ, ਜਿਥੇ ਇਨਸਾਨ ਅਤੇ ਮਸ਼ੀਨਾਂ ਮਿਲ ਕੇ ਕੰਮ ਕਰਨਗੀਆਂ |