08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦੇਸ਼ ਭਰ 'ਚ ਮੈਡੀਕਲ ਸਟੋਰ ਰਹੇ ਬੰਦ

Ad Position 21
No active advertisement
ਅਜੀਤ ਡੈਸਕ 21-05-2026

ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ 'ਚ ਦਵਾਈ ਕਾਰੋਬਾਰੀਆਂ ਨੇ ਕੀਤੀ ਹੜਤਾਲ
ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਦੇਸ਼ ਭਰ 'ਚ ਦਵਾਈ ਕਾਰੋਬਾਰੀਆਂ ਦੀ ਮੁਕੰਮਲ ਹੜਤਾਲ ਬਾਰੇ ਕੀਤੇ ਐਲਾਨ ਦੇ ਚੱਲਦਿਆਂ ਅੱਜ ਸਾਰੇ ਸੂਬਿਆਂ 'ਚ ਨਿੱਜੀ ਮੈਡੀਕਲ ਸਟੋਰ ਅਤੇ ਸੰਬੰਧਿਤ ਹੋਰ ਦੁਕਾਨਾਂ ਬੰਦ ਰਹੀਆਂ | ਹੜਤਾਲ ਦੌਰਾਨ ਸਾਰੀਆਂ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰੱਖਣ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਕਿਤੇ-ਕਿਤੇ ਜਨਤਾ ਅਤੇ ਮਰੀਜ਼ਾਂ 'ਤੇ ਸਪੱਸ਼ਟ ਤੌਰ 'ਤੇ ਪ੍ਰਭਾਵ ਪਿਆ | ਦਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਹੜਤਾਲ ਦੌਰਾਨ ਹਸਪਤਾਲਾਂ ਦੇ ਅਹਾਤੇ 'ਚ ਚੱਲ ਰਹੇ ਜੈਨਰਿਕ ਡਰੱਗ ਸੈਂਟਰ ਅਤੇ ਮਿਊਾਸੀਪਲ ਸਟੋਰ ਖੁੱਲ੍ਹੇ ਰਹੇ, ਜਿਸ ਕਾਰਨ ਦਵਾਈਆਂ ਲੈਣ ਵਾਲੇ ਲੋਕਾਂ ਦੀ ਉੱਥੇ ਵੱਡੀ ਭੀੜ ਜੁੜੀ ਰਹੀ | ਹਾਲਾਂਕਿ, ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਉਪਲਬੱਧ ਨਾ ਹੋਣ ਕਰਕੇ ਕਈ ਮਰੀਜ਼ਾਂ ਦੇ ਵਾਰਸਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ | ਉਕਤ ਰਾਸ਼ਟਰੀ ਜਥੇਬੰਦੀ ਦੇ ਅਧੀਨ ਆਉਂਦੀ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ 'ਚ ਗੁਰੂ ਰਾਮ ਦਾਸ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ, ਕਟੜਾ ਸ਼ੇਰ ਸਿੰਘ ਸਥਿਤ ਦਵਾਈਆਂ ਦੀ ਹੋਲ-ਸੇਲ ਮਾਰਕੀਟ ਅਤੇ ਸ਼ਹਿਰ 'ਚ ਕਈ ਜਗ੍ਹਾ ਵਿਰੋਧ ਪ੍ਰਦਰਸ਼ਨ ਕੀਤੇ ਗਏ | ਹੜਤਾਲ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਪੰਜਾਬ, ਪੰਜਾਬ ਮੈਡੀਕਲ ਰਿਪ੍ਰੇਜ਼ੈਂਟੇਟਿਵ ਐਸੋਸੀਏਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਆਦਿ ਜਥੇਬੰਦੀਆਂ ਨੇ ਵੀ ਪੰਜਾਬ ਕੈਮਿਸਟ ਐਸੋਸੀਏਸ਼ਨ ਨੂੰ ਆਪਣਾ ਸਮਰਥਨ ਦਿੱਤਾ | ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਮੀਰ ਜੈਨ, ਰੰਜਨ ਅਗਰਵਾਲ, ਬਲਬੀਰ ਭਸੀਨ, ਰਾਕੇਸ਼ ਠੁਕਰਾਲ, ਜੀ. ਐੱਸ. ਚਾਵਲਾ, ਰਾਜੇਸ਼ ਸੋਹੀ, ਸੰਜੀਵ ਭਾਟੀਆ, ਸੰਜੀਵ ਜੈਨ, ਰਾਕੇਸ਼ ਦੁੱਗਲ, ਕੁਲਦੀਪ ਸਿੰਘ, ਰਾਜ ਅਰੋੜਾ, ਹਿਤੇਸ਼, ਰਾਜੀਵ ਕਪੂਰ, ਮਨਜੀਤ ਸੂਦ ਆਦਿ ਵੀ ਹਾਜ਼ਰ ਸਨ | ਕਟੜਾ ਸ਼ੇਰ ਸਿੰਘ ਵਿਖੇ ਹਾਜ਼ਰ ਦਵਾਈ ਕਾਰੋਬਾਰੀਆਂ ਤੇ ਹੋਰਨਾ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਦੁੱਗਲ ਨੇ ਕਿਹਾ ਕਿ ਦੇਸ਼ ਭਰ 'ਚ ਲਗਭਗ 12.5 ਲੱਖ ਕੈਮਿਸਟ ਅਤੇ ਪੰਜਾਬ 'ਚ 27,000 ਤੋਂ ਵੱਧ ਦਵਾਈ ਕਾਰੋਬਾਰੀ ਹਨ, ਜਿਨ੍ਹਾਂ ਦਾ ਦਵਾਈਆਂ ਦੀ ਆਨਲਾਈਨ ਵਿਕਰੀ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਨਸ਼ੇ ਵਾਲੀਆਂ ਦਵਾਈਆਂ ਦੀ ਵਿਕਰੀ 'ਤੇ ਪੰਜਾਬ ਸਰਕਾਰ ਵਲੋਂ ਸਖ਼ਤੀ ਨਾਲ ਰੋਕ ਲਗਾਈ ਗਈ ਹੈ, ਉਹ ਦਵਾਈਆਂ ਸੂਬੇ 'ਚ ਧੜੱਲੇ ਨਾਲ ਆਨਲਾਈਨ ਵੇਚੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਮੰਗ 14,335 ਮੈਗਾਵਾਟ ਤੋਂ ਪਾਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਮੇਲੋਨੀ ਨੂੰ ਦਿੱਤੀਆਂ 'ਮੈਲੋਡੀ' ਟੌਫੀਆਂ
Ad Position 24