ਪੰਜਾਬ ਲਈ ਚੋਣ ਮੁਹਿੰਮ ਕਮੇਟੀ ਦਾ ਐਲਾਨ ਵੀ ਹੋਣ ਦੀ ਸੰਭਾਵਨਾ
ਧਰਮ, ਜਾਤੀ ਤੇ ਖੇਤਰੀ ਨੁਮਾਇੰਦਗੀ 'ਤੇ ਰਹੇਗਾ ਧਿਆਨ
ਹਰਕਵਲਜੀਤ ਸਿੰਘ
ਚੰਡੀਗੜ, 20 ਮਈਪੰਜਾਬ ਵਿਚ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਰਾਜ ਵਿਚ 29 ਮਈ ਨੂੰ ਪੂਰੀਆਂ ਹੋਣ ਵਾਲੀਆਂ ਮਿਊਾਸਪਲ ਚੋਣਾਂ ਤੋਂ ਤੁਰੰਤ ਬਾਅਦ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ | ਇਸ ਪੁਨਰਗਠਨ ਦਾ ਮੁੱਖ ਮੰਤਵ ਚੋਣਾਂ ਤੋਂ ਪਹਿਲਾਂ ਜਥੇਬੰਦਕ ਢਾਂਚੇ ਵਿਚ ਸਾਰੇ ਖੇਤਰਾਂ, ਧਰਮਾਂ ਅਤੇ ਜਾਤੀਆਂ ਨੂੰ ਨੁਮਾਇੰਦਗੀ ਦੇਣਾ ਹੈ | ਪਾਰਟੀ ਹਾਈਕਮਾਨ ਵਲੋਂ ਮਗਰਲੇ ਸਮੇਂ ਦੌਰਾਨ ਸੂਬੇ ਦੇ ਆਗੂਆਂ ਦੇ ਇਸ ਸੰਬੰਧੀ ਵਿਚਾਰ ਵੀ ਲਏ ਜਾਂਦੇ ਰਹੇ ਹਨ | ਚਰਚਾ ਇਹ ਹੈ ਕਿ ਹਾਈਕਮਾਨ ਸੂਬੇ ਵਿਚਲੇ ਮੁੱਖ ਅਹੁਦਿਆਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਚੋਣਾਂ ਲਈ ਬਣਾਈ ਜਾਣ ਵਾਲੀ ਸੂਬਾ ਪੱਧਰੀ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਲਈ ਇਕ ਸਿੱਖ, ਇਕ ਹਿੰਦੂ ਅਤੇ ਇਕ ਅਹੁਦਾ ਅਨੁਸੂਚਿਤ ਜਾਤਾਂ ਨੂੰ ਦੇਣਾ ਚਾਹੁੰਦੀ ਹੈ ਅਤੇ ਇਸੇ ਤਰ੍ਹਾਂ ਪੰਜਾਬ ਦੇ ਮਾਲਵਾ, ਦੁਆਬਾ ਤੇ ਮਾਝਾ ਖੇਤਰਾਂ ਲਈ ਨੁਮਾਇੰਦਗੀ ਦਾ ਅਨੁਪਾਤ ਵੀ ਠੀਕ ਰੱਖਣਾ ਚਾਹੁੰਦੀ ਹੈ | ਵਿਰੋਧੀ ਧਿਰ ਦੇ ਨੇਤਾ ਤੋਂ ਇਲਾਵਾ ਦੂਜੇ ਦੋ ਅਹੁਦਿਆਂ ਲਈ ਅਹੁਦੇਦਾਰ ਗੈਰ ਵਿਧਾਇਕ ਵੀ ਚੁਣੇ ਜਾ ਸਕਦੇ ਹਨ | ਪੰਜਾਬ ਕਾਂਗਰਸ ਦੇ ਆਗੂਆਂ ਅਤੇ ਕਾਡਰਾਂ ਵਿਚ ਇਸ ਗੱਲ ਨੂੰ ਲੈ ਕੇ ਅਸ਼ਾਂਤੀ ਪਾਈ ਜਾ ਰਹੀ ਹੈ ਕਿ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਇਸ ਵੇਲੇ ਦੂਜੀਆਂ ਪ੍ਰਮੁੱਖ ਪਾਰਟੀਆਂ ਮੁਕਾਬਲੇ ਕਾਫ਼ੀ ਢਿੱਲੀ ਹੈ | ਪਾਰਟੀ ਕਾਡਰਾਂ ਦੀਆਂ ਇਨ੍ਹਾਂ ਚਿੰਤਾਵਾਂ ਤੋਂ ਪਾਰਟੀ ਹਾਈਕਮਾਨ ਵੀ ਵਾਕਫ਼ ਹੈ ਅਤੇ ਪਾਰਟੀ ਹਾਈਕਮਾਨ ਦਾ ਕਹਿਣਾ ਹੈ ਕਿ ਉਹ ਅਜਿਹੀ ਕੋਈ ਗਲਤੀ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਕਾਰਨ ਪਾਰਟੀ ਨੂੰ ਗੁਆਂਢੀ ਰਾਜ ਹਰਿਆਣਾ ਵਿਚ ਹਾਰ ਦਾ ਮੂੰਹ ਵੇਖਣਾ ਪਿਆ | ਭਾਜਪਾ ਜਿਸ ਵਲੋਂ ਕਾਫ਼ੀ ਸਰਗਰਮੀ ਵਿਖਾਈ ਜਾ ਰਹੀ ਹੈ ਅਤੇ ਵਿਸ਼ੇਸ਼ ਕਰਕੇ ਹਿੰਦੂ ਤੇ ਦਲਿਤ ਵੋਟ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਇਹ ਕਾਂਗਰਸ ਨੂੰ ਕਾਫ਼ੀ ਚਿੰਤਤ ਕਰ ਰਿਹਾ ਹੈ, ਕਿਉਂਕਿ ਕਾਂਗਰਸ ਇਨ੍ਹਾਂ ਨੂੰ ਆਪਣਾ ਵੋਟ ਬੈਂਕ ਸਮਝਦੀ ਹੈ | ਇਸੇ ਕਾਰਨ ਪੁਨਰਗਠਨ ਵਿਚ ਸਾਰਿਆਂ ਲਈ ਨੁਮਾਇੰਦਗੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ | ਚੱਲ ਰਹੇ ਚਰਚਿਆਂ ਅਨੁਸਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਲਈ ਕੋਈ ਨਵਾਂ ਚਿਹਰਾ ਸਾਹਮਣੇ ਲਿਆਂਦਾ ਜਾਵੇਗਾ, ਇਹ ਇਕ ਵੱਡਾ ਫ਼ੈਸਲਾ ਹੋਵੇਗਾ, ਕਿਉਂਕਿ ਕਾਂਗਰਸ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਆਖ਼ਰੀ ਮੌਕੇ ਅਹਿਮ ਤਬਦੀਲੀਆਂ ਦੇ ਹੱਕ ਵਿਚ ਨਹੀਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਗਰਲੀਆਂ ਚੋਣਾਂ ਮੌਕੇ ਵੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ ਗਿਆ ਸੀ, ਉਹ ਤਜਰਬਾ ਕਾਮਯਾਬ ਨਹੀਂ ਹੋ ਸਕਿਆ ਸੀ | ਲੇਕਿਨ ਨੁਮਾਇੰਦਗੀ ਦੇਣਾ ਵੀ ਪਾਰਟੀ ਲਈ ਮਜਬੂਰੀ ਹੈ, ਜਿਸ ਲਈ ਰੱਦੋਬਦਲ ਕਰਨਾ ਹੀ ਹੋਵੇਗਾ | ਕਾਂਗਰਸ ਹਾਈਕਮਾਨ ਜੋ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਵਿਹਲੀ ਹੋ ਗਈ ਹੈ ਵਲੋਂ ਹੁਣ ਪੰਜਾਬ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਸੰਭਾਵਨਾ ਹੈ | ਕਾਂਗਰਸ ਦੂਜੀਆਂ ਪਾਰਟੀਆਂ ਵਾਂਗ ਹਲਕਾ ਪੱਧਰ 'ਤੇ ਚੋਣ ਮੁਹਿੰਮ ਲਈ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਅਤੇ ਪਾਰਟੀ ਲਈ 30-40 ਹਲਕਿਆਂ ਲਈ ਉਮੀਦਵਾਰਾਂ ਦੀ ਚੋਣ ਵੀ ਅਹਿਮ ਹੋਵੇਗੀ, ਕਿਉਂਕਿ ਪਾਰਟੀ ਕੋਲ ਇਸ ਵੇਲੇ ਇਨ੍ਹਾਂ ਹਲਕਿਆਂ ਵਿਚ ਚੰਗੇ ਉਮੀਦਵਾਰ ਨਹੀਂ ਹਨ | ਪਾਰਟੀ ਹਾਈਕਮਾਨ ਤੇ ਪ੍ਰਦੇਸ ਕਾਂਗਰਸ ਵਲੋਂ ਆਪਣੇ ਤੌਰ 'ਤੇ ਜਨਤਾ ਦਾ ਮੂਡ ਜਾਣਨ ਲਈ ਉਮੀਦਵਾਰਾਂ ਦੀ ਚੋਣ ਅਤੇ ਮੁੱਦਿਆਂ ਸੰਬੰਧੀ ਸਰਵੇ ਵੀ ਕਰਵਾਏ ਜਾ ਰਹੇ ਹਨ | ਰਾਜ ਵਿਚ ਇਸ ਵੇਲੇ ਚੱਲ ਰਹੀ ਵੋਟਾਂ ਦੀ ਸੁਧਾਈ ਦੀ ਮੁਹਿੰਮ ਲਈ ਵੀ ਪਾਰਟੀ ਵਲੋਂ ਬਲਾਕ ਪੱਧਰ ਅਤੇ ਬੂਥ ਪੱਧਰ 'ਤੇ ਆਪਣੇ ਨੁਮਾਇੰਦੇ ਨਿਯੁਕਤ ਕਰਨ ਦੀ ਪ੍ਰਕਿਰਿਆ ਜਾਰੀ ਹੈ, ਤਾਂ ਜੋ ਵੋਟਾਂ ਬਣਾਉਣ ਦੇ ਕੰਮ ਵਿਚ ਪਾਰਟੀ ਵੋਟਰਾਂ ਤੇ ਸਮਰਥਕਾਂ ਦੀ ਮਦਦ ਕੀਤੀ ਜਾ ਸਕੇ | ਲੇਕਿਨ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਤੋਂ ਬਾਅਦ ਪਾਰਟੀ ਚੋਣ ਮੁਹਿੰਮ ਵਿਚ ਕੁੱਦ ਜਾਵੇਗੀ ਅਤੇ ਪਾਰਟੀ ਕਾਡਰਾਂ ਨੂੰ ਵੀ ਚੁਸਤ ਤੇ ਦਰੁਸਤ ਕੀਤਾ ਜਾਵੇਗਾ |
ਕੌਂਸਲ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦਾ ਪੁਨਰਗਠਨ ਜਲਦ ਸੰਭਵ
ਅਜੀਤ ਡੈਸਕ
21-05-2026