ਪੰਜ ਪਿਆਰਿਆਂ ਨੇ ਕੀਤੀ ਅਗਵਾਈ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਸ਼ਰਧਾਲੂ
ਰਿਸ਼ੀਕੇਸ਼ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਰਿਸ਼ੀਕੇਸ਼, 20 ਮਈ-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਆਪਣੇ ਮੁਢਲੇ ਪੜਾਅ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਉੱਤਰਾਖੰਡ ਤੋਂ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ 'ਚ ਪੂਰਨ ਮਰਿਆਦਾ ਅਨੁਸਾਰ ਸ਼ੁਰੂ ਹੋ ਗਈ ਹੈ | ਇਸ ਦੌਰਾਨ ਯਾਤਰਾ ਦੇ ਪਹਿਲੇ ਜਥੇ ਨੂੰ ਰਵਾਨਾ ਕਰਨ ਦੀ ਰਸਮ ਦਿੱਲੀ ਦੇ ਉਪ ਰਾਜਪਾਲ ਸ: ਤਰਨਜੀਤ ਸਿੰਘ ਸੰਧੂ, ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਨਿਭਾਈ | ਇਸ ਮੌਕੇ ਸਵਾਮੀ ਚਿਦਾਨੰਦ ਸਰਸਵਤੀ ਪ੍ਰਮਾਰਥ, ਚੇਅਰਮੇਨ ਡਾ: ਸੁਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਤੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਹਜ਼ੂਰੀ ਰਾਗੀ ਭਾਈ ਓਮਵੀਰ ਸਿੰਘ ਅਤੇ ਭਾਈ ਪ੍ਰਦੀਪ ਸਿੰਘ ਦੇ ਜਥਿਆਂ ਤੋਂ ਇਲਾਵਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਧੀਨ ਚੱਲਦੇ ਗੁਰਮਤਿ ਸੰਗੀਤ ਬਾਲ ਵਿਦਿਆਲਾ ਦੇ ਵਿਦਿਆਰਥੀਆਂ ਵਲੋਂ ਤੰਤੀ ਸਾਜ਼ਾਂ ਨਾਲ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ | ਇਸ ਦੌਰਾਨ ਮੁੱਖ ਗ੍ਰੰਥੀ ਭਾਈ ਲਾਹੌਰ ਸਿੰਘ ਵਲੋਂ ਰਵਾਨਗੀ ਦੀ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ | ਇਸ ਤੋਂ ਪਹਿਲਾਂ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਹਿਮਾਲਿਆ ਦੀਆਂ ਸੱਤ ਖ਼ੂਬਸੂਰਤ ਬਰਫ਼ੀਲੀਆਂ ਪਹਾੜੀਆਂ ਦਰਮਿਆਨ ਝੂਲਦੇ ਨਿਸ਼ਾਨ ਸਾਹਿਬ ਅਤੇ ਚਾਂਦੀ ਦੀ ਚਮਕ ਬਿਖੇਰਨ ਵਾਲੇ ਪਵਿੱਤਰ ਸਰੋਵਰ ਦੀਆਂ ਤਰੰਗਾਂ 'ਚੋਂ ਅਧਿਆਤਮਿਕ ਸ਼ਕਤੀ ਦਾ ਅਹਿਸਾਸ ਹੁੰਦਾ ਹੈ, ਜਿਥੇ ਆਤਮਾ ਅਤੇ ਪ੍ਰਮਾਤਮਾ ਦਾ ਮੇਲ ਹੁੰਦਾ ਹੈ | ਉਪ ਰਾਜਪਾਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਸੰਤ-ਸਿਪਾਹੀ ਅਤੇ ਮਹਾਨ ਵਿਦਵਾਨ ਸਨ, ਜਿਨ੍ਹਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਲੋੜ ਹੈ | ਉਨ੍ਹਾਂ ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਬਚਪਨ ਵਿਚ ਆਪਣੇ ਪਿਤਾ ਸ: ਬਿਸ਼ਨ ਸਿੰਘ ਸਮੁੰਦਰੀ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਸੀ, ਜਿਸ ਦੀਆਂ ਬਹੁਤ ਸਾਰੀਆਂ ਯਾਦਾਂ ਅੱਜ ਵੀ ਮੇਰੇ ਜ਼ਿਹਨ 'ਚ ਤਾਜ਼ਾ ਹਨ | ਇਸ ਲਈ ਮੇਰੀ ਤਮੰਨਾ ਕਿ ਮੈਂ ਆਪਣੇ ਪਰਿਵਾਰ ਨਾਲ ਮੁੜ ਇਹ ਯਾਤਰਾ ਕਰਾਂ | ਉਨ੍ਹਾਂ ਕਿਹਾ ਕਿ ਭਾਵੇਂ ਹੇਮਕੁੰਟ ਸਾਹਿਬ ਯਾਤਰਾ ਰੂਟ 'ਤੇ 15 ਕਿਲੋਮੀਟਰ ਲੰਬੇ ਰੋਪਵੇਅ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੇ ਬਣਨ ਨਾਲ ਪੈਦਲ ਯਾਤਰਾ ਕਰਨ ਤੋਂ ਅਸਮਰੱਥ ਸ਼ਰਧਾਲੂ ਤੇ ਖਾਸ ਕਰ ਕੇ ਬਜ਼ੁਰਗ ਵੀ ਇਕ ਦਿਨ ਵਿਚ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ ਪਰ ਜੋ ਯਾਤਰਾ ਪੈਦਲ ਕਰਨ ਦਾ ਆਨੰਦ ਮਹਿਸੂਸ ਹੁੰਦਾ ਹੈ ਉਹ ਕਿਸੇ ਹੋਰ ਸਾਧਨ 'ਤੇ ਨਹੀਂ | ਇਸ ਦੌਰਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਸੁਖਦ ਤੇ ਅਨੰਦਮਈ ਬਣਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਟਰੱਸਟ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿਖੇ ਸੈਰ ਸਪਾਟਾ ਵਿਭਾਗ ਵਲੋਂ ਰਜਿਸਟ੍ਰੇਸ਼ਨ ਕੇਂਦਰ ਖੋਲਿ੍ਹਆ ਗਿਆ ਹੈ, ਜਿਥੇ ਤਿੰਨ ਕਾਊਾਟਰ ਬਣਾਏ ਗਏ ਹਨ ਅਤੇ ਇਹ ਕੇਂਦਰ ਸਵੇਰੇ 5 ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ | ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਿੱਖ ਇਤਿਹਾਸ ਨਾਲ ਸੰਬੰਧਿਤ ਵੱਖ-ਵੱਖ ਭਾਸ਼ਾਵਾਂ 'ਚ ਲਿਖੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ | ਇਸ ਮੌਕੇ ਬੁੱਧੀ ਸਿੰਘ, ਅਮਿਤ ਸਿੰਘ, ਨਿਰਮਲਾ ਆਸ਼ਰਮ ਬਾਬਾ ਸਰਵਿੰਦਰ ਸਿੰਘ ਭਜਨਗੜ੍ਹ, ਡਾ: ਕੁਲਵਿੰਦਰ ਸਿੰਘ, ਡਾ: ਪਲਵਿੰਦਰ ਸਿੰਘ ਵਨਚੜ੍ਹੀ, ਜਸਪਾਲ ਸਿੰਘ ਵਨਚੜ੍ਹੀ, ਦਿਲਬਾਗ ਸਿੰਘ, ਤਰਸੇਮ ਸਿੰਘ, ਬਲਕਾਰ ਸਿੰਘ ਮੁੱਛਲ ਤੇ ਮਨਪ੍ਰੀਤ ਸਿੰਘ ਵਰਪਾਲ ਆਦਿ ਹਾਜ਼ਰ ਸਨ¢
ਰਤੂੜਾ 'ਚ 3 ਹਜ਼ਾਰ ਸ਼ਰਧਾਲੂਆਂ ਦੀ ਰਿਹਾਇਸ਼ ਦਾ ਕੀਤਾ ਨਵਾਂ ਪ੍ਰਬੰਧ
ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹਰ ਸਾਲ ਸੰਗਤ ਦੀ ਆਮਦ 'ਚ ਹੁੰਦੇ ਵਾਧੇ ਨੂੰ ਦੇਖਦੇ ਹੋਏ ਇਸ ਸਾਲ ਰਿਹਾਇਸ਼ ਨੂੰ ਵਧਾਇਆ ਗਿਆ ਹੈ, ਜਿਸ 'ਚ ਰਤੂੜਾ ਵਿਖੇ ਨਵੀਂ ਸਰਾਂ 'ਚ 3 ਹਜ਼ਾਰ ਸ਼ਰਧਾਲੂਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਲੰਗਰ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਹੋਣਗੀਆਂ¢ ਇਸ ਤੋਂ ਇਲਾਵਾ ਰਿਸ਼ੀਕੇਸ਼ ਵਿਖੇ ਵੀ 1 ਹਜ਼ਾਰ ਤੋਂ ਵਧੇਰੇ ਸੰਗਤ ਦੇ ਵਿਸ਼ਰਾਮ ਲਈ ਹੋਰ ਨਵੇਂ ਹਾਲ ਤਿਆਰ ਕੀਤੇ ਗਏ ਹਨ¢
ਜੈਕਾਰਿਆਂ ਦੀ ਗੂੰਜ 'ਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪਹਿਲਾ ਜਥਾ ਰਵਾਨਾ
ਅਜੀਤ ਡੈਸਕ
21-05-2026