08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭਾਰਤ ਤੇ ਇਟਲੀ ਦੁਵੱਲੇ ਸੰਬੰਧਾਂ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਤੱਕ ਵਧਾਉਣਗੇ

Ad Position 21
No active advertisement
ਅਜੀਤ ਡੈਸਕ 21-05-2026

• 2029 ਤੱਕ ਸਾਲਾਨਾ ਵਪਾਰ ਨੂੰ 20 ਅਰਬ ਯੂਰੋ ਤੱਕ ਵਧਾਉਣ ਦਾ ਟੀਚਾ • ਦੋਵੇਂ ਦੇਸ਼ਾਂ ਵਲੋਂ ਖੇਤੀਬਾੜੀ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਵੱਖ-ਵੱਖ ਖੇਤਰਾਂ 'ਚ 10 ਸਮਝੌਤੇ
ਰੋਮ, 20 ਮਈ (ਏਜੰਸੀ)-ਭਾਰਤ ਅਤੇ ਇਟਲੀ ਨੇ ਵਪਾਰ, ਰੱਖਿਆ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਆਪਣੇ ਦੁਵੱਲੇ ਸੰਬੰਧਾਂ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਅਤੇ 2029 ਤੱਕ ਸਾਲਾਨਾ ਵਪਾਰ ਨੂੰ 20 ਅਰਬ ਯੂਰੋ ਤੱਕ ਵਧਾਉਣ ਦਾ ਸੰਕਲਪ ਲਿਆ | ਪੰਜ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਪੜਾਅ ਦੌਰਾਨ ਇਟਲੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਵਪਾਰ, ਰੱਖਿਆ, ਸਵੱਛ ਊਰਜਾ ਅਤੇ ਤਕਨਾਲੋਜੀ ਆਦਿ ਖੇਤਰਾਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਆਪਕ ਗੱਲਬਾਤ ਕੀਤੀ ਗਈ | ਦੋਵੇਂ ਆਗੂਆਂ ਨੇ ਆਲਮੀ ਚੁਣੌਤੀਆਂ 'ਤੇ ਚਰਚਾ ਕਰਦੇ ਹੋਏ ਪੱਛਮੀ ਏਸ਼ੀਆ ਦੇ ਹਾਲਾਤ ਅਤੇ ਬਾਕੀ ਦੀ ਦੁਨੀਆ 'ਤੇ ਪੈ ਰਹੇ ਇਸ ਦੇ ਪ੍ਰਭਾਵ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ | ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਅਤੇ ਕੂਟਨੀਤੀ ਜ਼ਰੀਏ ਇਸ ਸੰਘਰਸ਼ ਨੂੰ ਹੱਲ ਕਰਨ ਦਾ ਸੱਦਾ ਦਿੱਤਾ | ਦੋਵੇਂ ਆਗੂਆਂ ਨੇ ਸਮੁੰਦਰੀ ਆਵਾਜਾਈ 'ਚ ਆਜ਼ਾਦੀ ਅਤੇ ਹੋਰਮੁਜ਼ ਜਲਮਾਰਗ ਨੂੰ ਖੋਲ੍ਹਣ ਦਾ ਵੀ ਸੱਦਾ ਦਿੱਤਾ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਇਟਲੀ ਨੇ ਵਪਾਰ, ਰੱਖਿਆ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਦੀ ਵਚਨਬੱਧਤਾ ਨੂੰ ਪ੍ਰਗਟ ਕਰਦਿਆਂ ਦੁਵੱਲੇ ਸੰਬੰਧਾਂ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਇਟਲੀ ਰੱਖਿਆ ਉਦਯੋਗ ਦੇ ਖੇਤਰ 'ਚ ਵੀ ਮਿਲ ਕੇ ਕੰਮ ਕਰਨਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਦੁਵੱਲੀ ਗੱਲਬਾਤ ਦੇ ਬਾਅਦ ਸਾਂਝੇ ਪੈੱ੍ਰਸ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਮੇਲੋਨੀ ਦੀ ਅਗਵਾਈ 'ਚ ਦੋਵੇਂ ਦੇਸ਼ਾਂ ਦੇ ਸੰਬੰਧਾਂ ਨੂੰ ਨਵੀਂ ਰਫ਼ਤਾਰ ਅਤੇ ਆਤਮ ਵਿਸ਼ਵਾਸ ਮਿਲਿਆ ਹੈ | ਦੋਵੇਂ ਦੇਸ਼ ਅੱਤਵਾਦ ਦੀ ਸਖ਼ਤ ਨਿੰਦਾ ਕਰਦੇ ਹਨ ਅਤੇ ਇਸ ਨੂੰ ਮਨੁੱਖਤਾ ਲਈ ਗੰਭੀਰ ਚੁਣੌਤੀ ਮੰਨਦੇ ਹਨ | ਇਸ ਮੌਕੇ ਭਾਰਤ ਅਤੇ ਇਟਲੀ ਨੇ ਇੱਕ ਰੱਖਿਆ ਉਦਯੋਗਿਕ ਖਾਕਾ ਤਿਆਰ ਕੀਤਾ, ਜਿਸ ਨਾਲ ਹੈਲੀਕਾਪਟਰ ਅਤੇ ਸਮੁੰਦਰੀ ਹਥਿਆਰਾਂ ਸਮੇਤ ਫ਼ੌਜੀ ਹਾਰਡਵੇਅਰ ਅਤੇ ਪਲੇਟਫ਼ਾਰਮਾਂ ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦਾ ਰਾਹ ਪੱਧਰਾ ਹੁੰਦਾ ਹੈ | ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਉੱਚ ਸਿੱਖਿਆ ਅਤੇ ਇਟਲੀ ਵਿਚ ਭਾਰਤੀ ਨਰਸਾਂ ਦੇ ਇਟਲੀ ਜਾਣ ਲਈ ਨਵੇਂ ਢਾਂਚੇ ਨੂੰ ਅੰਤਿਮ ਰੂਪ ਦਿੱਤਾ | ਇਸ ਮੌਕੇ ਦੋਵੇਂ ਦੇਸ਼ਾਂ ਨੇ ਖੇਤੀਬਾੜੀ, ਮਹੱਤਵਪੂਰਨ ਖਣਿਜਾਂ, ਸਮੁੰਦਰੀ ਆਵਾਜਾਈ ਅਤੇ ਸਮੁੰਦਰੀ ਉਤਪਾਦਾਂ ਵਿਚ ਭਾਈਵਾਲੀ ਨੂੰ ਵਧਾਉਣ ਸਮੇਤ ਵੱਖ-ਵੱਖ ਖੇਤਰਾਂ 'ਚ 10 ਸਮਝੌਤਿਆਂ 'ਤੇ ਦਸਤਖ਼ਤ ਕੀਤੇ | ਗੱਲਬਾਤ ਦੌਰਾਨ ਦੋਵੇਂ ਆਗੂਆਂ ਨੇ ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਤੋਂ ਮਿਲਣ ਵਾਲੇ ਮੌਕਿਆਂ ਦਾ ਲਾਭ ਲੈਣ 'ਤੇ ਵੀ ਸਹਿਮਤੀ ਪ੍ਰਗਟਾਈ | ਇਸ ਮੌਕੇ ਜੌਰਜੀਆ ਮੇਲੋਨੀ ਨੇ ਆਰਥਿਕ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦਾ ਸੰਕਲਪ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮੌਜੂਦਾ 14 ਅਰਬ ਯੂਰੋ (ਕਰੀਬ 1569.3 ਅਰਬ ਰੁਪਏ) ਦੇ ਦੁਵੱਲੇ ਵਪਾਰ ਨੂੰ ਸਾਲ 2029 ਤੱਕ ਵਧਾ ਕੇ 20 ਅਰਬ ਯੂਰੋ (2241.85 ਅਰਬ ਰੁਪਏ) ਤੱਕ ਪਹੁੰਚਾਇਆ ਜਾਵੇਗਾ | ਇਹ ਇਕ ਬਹੁਤ ਮਹੱਤਵਪੂਰਨ ਟੀਚਾ ਹੈ, ਜਿਸ ਨੂੰ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ ਦੀ ਮਦਦ ਨਾਲ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਰਥਿਕ ਅਤੇ ਉਤਪਾਦਕ ਤੰਤਰ ਇਕ ਦੂਸਰੇ ਦੇ ਪੂਰਕ ਹਨ | ਮੌਜੂਦਾ ਸਮੇਂ ਭਾਰਤ ਦੇ ਵਿਕਾਸ 'ਚ 400 ਤੋਂ ਵੱਧ ਇਟਲੀ ਦੀਆਂ ਕੰਪਨੀਆਂ ਸਰਗਰਮ ਰੂਪ ਨਾਲ ਯੋਗਦਾਨ ਪਾ ਰਹੀਆਂ ਹਨ | ਇਸ ਦੇ ਨਾਲ ਹੀ ਨਵੀਂ ਦਿੱਲੀ 'ਚ ਇਕ ਵਿਸ਼ੇਸ਼ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਦੋਵੇਂ ਦੇਸ਼ਾਂ ਦੇ ਸਟਾਰਟਅੱਪ, ਯੂਨੀਵਰਸਿਟੀਆਂ, ਉਦਯੋਗਾਂ ਅਤੇ ਖੋਜ ਸੰਸਥਾਵਾਂ 'ਚ ਆਪਸੀ ਸਹਿਯੋਗ ਨੂੰ ਵਧਾਏਗਾ | ਜ਼ਿਕਰਯੋਗ ਹੈ ਕਿ ਇਟਲੀ ਯੂਰਪੀ ਸੰਘ 'ਚ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਉਸ ਨੇ ਆਪਣੀ ਵਿਸ਼ਵ ਵਪਾਰ ਰਣਨੀਤੀ ਤਹਿਤ ਭਾਰਤ ਨੂੰ ਤਰਜੀਹ ਵਾਲੇ ਦੇਸ਼ਾਂ 'ਚ ਰੱਖਿਆ ਹੈ | ਇਟਲੀ 'ਚ ਭਾਰਤੀ ਭਾਈਚਾਰੇ ਦੀ ਗਿਣਤੀ ਜਨਵਰੀ 2025 ਤੱਕ 1,86,833 ਹੋਣ ਦਾ ਅਨੁਮਾਨ ਹੈ, ਜੋ ਯੂਰਪੀ ਸੰਘ 'ਚ ਸਭ ਤੋਂ ਵੱਡਾ ਪ੍ਰਵਾਸੀ ਭਾਰਤੀ ਸਮੂਹ ਹੈ | ਮੌਜੂਦਾ ਸਮੇਂ 5100 ਤੋਂ ਵੱਧ ਭਾਰਤੀ ਵਿਦਿਆਰਥੀ ਇਟਲੀ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਗੁ: ਕਮੇਟੀਆਂ ਦੇ ਫੰਡਾਂ ਦੀ ਦੁਰਵਰਤੋਂ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਅਗਲੀ ਖ਼ਬਰ ਜੈਕਾਰਿਆਂ ਦੀ ਗੂੰਜ 'ਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪਹਿਲਾ ਜਥਾ ਰਵਾਨਾ
Ad Position 24