08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਹਲਵਾਰਾ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਹੋਵੇ-ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 21-05-2026

• ਕਿਹਾ, ਸਾਹਨੇਵਾਲ ਹਵਾਈ ਅੱਡੇ ਨੂੰ ਨੌਜਵਾਨਾਂ ਲਈ ਪਾਇਲਟ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ • ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ
ਹਲਵਾਰਾ (ਲੁਧਿਆਣਾ), 20 ਮਈ (ਮਨਦੀਪ ਸਿੰਘ ਉੱਭੀ)-ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਨੂੰ ਦੇਸ਼ ਦੇ ਨੌਜਵਾਨਾਂ ਲਈ ਪਾਇਲਟ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ | ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਪਟਿਆਲਾ ਅਤੇ ਅੰਮਿ੍ਤਸਰ ਹਵਾਬਾਜ਼ੀ ਕੇਂਦਰ ਚੱਲ ਰਹੇ ਹਨ, ਜਿੱਥੋਂ ਨੌਜਵਾਨ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਪਾਇਲਟ ਅਤੇ ਹਵਾਈ ਅੱਡੇ ਨਾਲ ਸੰਬੰਧਿਤ ਹੋਰ ਕੰਮ ਸਫ਼ਲਤਾਪੂਰਵਕ ਕਰ ਰਹੇ ਹਨ | ਭਵਿੱਖ ਵਿਚ ਨੌਜਵਾਨਾਂ ਦੀ ਸਿਖਲਾਈ ਲਈ ਸਾਹਨੇਵਾਲ ਹਵਾਈ ਅੱਡੇ ਦੀ ਵਰਤੋਂ ਕਰਨ ਦੀ ਯੋਜਨਾ ਹੈ | ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਬਹੁਤ ਸਹੂਲਤ ਮਿਲੀ ਹੈ ਅਤੇ ਭਵਿੱਖ ਵਿਚ ਪੰਜਾਬ ਸਰਕਾਰ ਕੋਲ ਇਸ ਹਵਾਈ ਅੱਡੇ ਦੇ ਟਰਮੀਨਲ ਅਤੇ ਐਪਰਨ ਦਾ ਵਿਸਥਾਰ ਕਰਨ ਲਈ ਕਾਫ਼ੀ ਜ਼ਮੀਨ ਹੈ | ਜ਼ਰੂਰਤਾਂ ਅਨੁਸਾਰ ਹਵਾਈ ਅੱਡੇ ਦੇ ਟਰਮੀਨਲ ਇਮਾਰਤਾਂ ਅਤੇ ਐਪਰਨ ਆਦਿ ਨੂੰ ਵੱਡਾ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਲਵਾਰਾ ਤੋਂ ਲੰਡਨ ਜਾਂ ਅਮਰੀਕਾ ਜਾਣ ਵਾਲੇ ਕਈ ਯਾਤਰੀਆਂ ਨਾਲ ਗੱਲ ਕੀਤੀ ਹੈ | ਉਨ੍ਹਾਂ ਦਾ ਸਾਮਾਨ ਇਥੇ ਜਮ੍ਹਾਂ ਕਰ ਦਿੱਤਾ ਗਿਆ ਸੀ ਅਤੇ ਉਹ ਦਿੱਲੀ ਤੋਂ ਕੁਨੈਕਟਿੰਗ ਫਲਾਈਟ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚਣਗੇ | ਮੁੱਖ ਮੰਤਰੀ ਨੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕਰਨ ਲਈ ਤਿੰਨ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਇੱਕ ਮਤਾ ਪਾਸ ਕੀਤਾ ਗਿਆ ਸੀ ਅਤੇ ਕਈ ਡੀ.ਓ. ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜੇ ਗਏ ਸਨ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਜਲਦੀ ਹੀ ਹਲਵਾਰਾ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਣ ਨੂੰ ਮਨਜ਼ੂਰੀ ਦੇਵੇਗੀ | ਇਸ ਮੌਕੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਸੱਤਾ ਵਿਰੋਧੀ ਲਹਿਰ ਦੀ ਬਜਾਏ ਸੱਤਾ ਪੱਖੀ ਲਹਿਰ ਹੈ | ਪੰਜਾਬ ਦੇ ਲੋਕ ਮੁਫ਼ਤ ਬਿਜਲੀ, ਹਰ ਖੇਤ ਨੂੰ ਨਹਿਰੀ ਪਾਣੀ, 10 ਲੱਖ ਰੁਪਏ ਤੱਕ ਮੁਫ਼ਤ ਇਲਾਜ, ਅÏਰਤਾਂ ਨੂੰ 1000/1500 ਰੁਪਏ ਅਤੇ ਹੋਰ ਲੋਕ ਭਲਾਈ ਯੋਜਨਾਵਾਂ ਤੋਂ ਬਹੁਤ ਖੁਸ਼ ਹਨ | ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਪੁੱਜਣ 'ਤੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਪੱਪੀ ਪਰਾਸ਼ਰ, ਵਿਧਾਇਕ ਮਦਨ ਲਾਲ ਬੱਗਾ ਨੇ ਸਵਾਗਤ ਕੀਤਾ | ਇਸ ਮੌਕੇ ਡੀ.ਆਈ.ਜੀ. ਸਤਿੰਦਰ ਸਿੰਘ ਰੇਂਜ ਲੁਧਿਆਣਾ, ਐੱਸ.ਐੱਸ.ਪੀ. ਅੰਕਰ ਗੁਪਤਾ ਲੁਧਿਆਣਾ ਦਿਹਾਤੀ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਐੱਸ.ਪੀ. ਸਥਾਨਕ ਰਮਨਿੰਦਰ ਸਿੰਘ ਦਿਉਲ, ਡੀ.ਐੱਸ.ਪੀ. ਦਾਖਾ ਕਰਨ ਸਿੰਘ ਸੰਧੂ, ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ, ਤਹਿਸੀਲਦਾਰ ਰੇਸ਼ਮ ਸਿੰਘ, ਬਲਾਕ ਪ੍ਰਧਾਨ ਰਮੇਸ਼ ਜੈਨ, ਗੁਰਦੇਵ ਬਾਵਾ, ਸਰਪੰਚ ਮਨਜੀਤ ਕੌਰ ਨਵੀਂ ਆਬਾਦੀ ਅਕਾਲਗੜ੍ਹ, ਸਰਪੰਚ ਸੁਖਵਿੰਦਰ ਸਿੰਘ ਹਲਵਾਰਾ, ਇੰਦਰਜੀਤ ਸਿੰਘ ਸਿੱਧੂ ਪ੍ਰਧਾਨ ਐਤੀਆਣਾ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੈਂਕ ਆਫ਼ ਇੰਡੀਆ ਨੇ ਵਿੱਤੀ ਸਾਲ 26 ਲਈ ਸ਼ੁੱਧ ਲਾਭ 14.19% ਸਾਲ ਦਰ ਸਾਲ ਵਧ ਕੇ 10,527 ਕਰੋੜ ਰੁਪਏ ਹੋਣ ਦੀ ਰਿਪੋਰਟ... ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਗੁ: ਕਮੇਟੀਆਂ ਦੇ ਫੰਡਾਂ ਦੀ ਦੁਰਵਰਤੋਂ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ
Ad Position 24