ਕਿਹਾ, ਲੋਕ ਘਬਰਾਹਟ 'ਚ ਖਰੀਦਦਾਰੀ ਕਰਨ ਤੋਂ ਬਚਣ
ਨਵੀਂ ਦਿੱਲੀ, 27 ਮਈ (ਪੀ.ਟੀ.ਆਈ.)-ਪੱਛਮੀ ਏਸ਼ੀਆ 'ਚ ਚੱਲ ਰਹੇ ਤਣਾਅ ਅਤੇ ਦੁਨੀਆ ਭਰ 'ਚ ਤੇਲ-ਗੈਸ ਦੀ ਸਪਲਾਈ 'ਚ ਆ ਰਹੀਆਂ ਰੁਕਾਵਟਾਂ ਵਿਚਕਾਰ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਾਫ਼ ਕੀਤਾ ਕਿ ਭਾਰਤ 'ਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ 'ਚ ਕੋਈ ਕਮੀ ਨਹੀਂ ਹੈ¢ ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰ ਜਾਂ ਘਬਰਾਹਟ 'ਚ ਆ ਕੇ ਲੋੜ ਤੋਂ ਵੱਧ ਤੇਲ (ਪੈਟਰੋਲ-ਡੀਜ਼ਲ) ਜਾਂ ਰਸੋਈ ਗੈਸ (ਐਲ.ਪੀ.ਜੀ.) ਖਰੀਦ ਕੇ ਘਰਾਂ 'ਚ ਜਮ੍ਹਾਂ ਨਾ ਕਰਨ¢ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਪੱਛਮੀ ਏਸ਼ੀਆ 'ਤੇ ਗੈਰ-ਰਸਮੀ ਮੰਤਰੀ ਸਮੂਹ ਦੀ 6ਵੀਂ ਮੀਟਿੰਗ ਦੌਰਾਨ ਉਥੋਂ ਦੇ ਬਦਲਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ¢ ਇਸ ਦੌਰਾਨ ਸਰਕਾਰ ਨੇ ਭਰੋਸਾ ਦਿੱਤਾ ਕਿ ਉਥੇ ਚੱਲ ਰਹੇ ਸੰਘਰਸ਼ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਭਾਰਤ ਦੀ ਊਰਜਾ ਅਤੇ ਖਾਦ ਦੀ ਸਪਲਾਈ ਸਥਿਰ ਰਹੀ ਹੈ¢ਅਧਿਕਾਰੀਆਂ ਨੇ ਮੰਤਰੀਆਂ ਦੇ ਸਮੂਹ ਨੂੰ ਸੂਚਿਤ ਕੀਤਾ ਕਿ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਲੋੜ ਮੁਤਾਬਕ ਹੈ¢ ਉਨ੍ਹਾਂ ਨੇ ਇਸ ਗੱਲ 'ਤੇ ਖ਼ਾਸ ਜ਼ੋਰ ਦਿੱਤਾ ਕਿ ਭਾਰਤ ਦੁਨੀਆ 'ਚ ਤੇਲ ਰਿਫਾਈਨ ਕਰਨ ਵਾਲਾ ਚੌਥਾ ਸਭ ਤੋਂ ਵੱਡਾ ਦੇਸ਼ ਹੈ¢ ਦੇਸ਼ 'ਚ ਹਰ ਸਾਲ 2581 ਲੱਖ ਟਨ ਤੇਲ ਸਾਫ਼ ਕਰਨ ਦੀ ਸਮਰੱਥਾ ਹੈ, ਜਦਕਿ ਪਿਛਲੇ ਵਿੱਤੀ ਸਾਲ ਦੌਰਾਨ ਦੇਸ਼ ਦੀ ਘਰੇਲੂ ਖਪਤ ਸਿਰਫ਼ 2432 ਲੱਖ ਟਨ ਸੀ¢ ਮੀਟਿੰਗ 'ਚ ਇਹ ਵੀ ਦੱਸਿਆ ਗਿਆ ਕਿ ਭਾਰਤ ਹਰ ਸਾਲ ਲਗਪਗ 615 ਲੱਖ ਟਨ ਪੈਟਰੋਲੀਅਮ ਪਦਾਰਥ (ਤੇਲ ਉਤਪਾਦ) ਦੂਜੇ ਦੇਸ਼ਾਂ ਨੂੰ ਬਰਾਮਦ ਕਰਦਾ ਹੈ¢ ਇਸ ਉੱਚ ਪੱਧਰੀ ਮੀਟਿੰਗ 'ਚ ਹਰਦੀਪ ਸਿੰਘ ਪੁਰੀ, ਜੇ.ਪੀ. ਨੱਢਾ, ਮਨੋਹਰ ਲਾਲ ਖੱਟਰ, ਅਸ਼ਵਨੀ ਵੈਸ਼ਨਵ, ਪ੍ਰਹਿਲਾਦ ਜੋਸ਼ੀ ਅਤੇ ਕਿਰਨ ਰਿਜਿਜੂ ਸਮੇਤ ਕਈ ਸੀਨੀਅਰ ਮੰਤਰੀ ਸ਼ਾਮਿਲ ਹੋਏ¢
ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ-ਕੇਂਦਰ <br/>
ਅਜੀਤ ਡੈਸਕ
28-05-2026