ਨਵੀਂ ਦਿੱਲੀ, 27 ਮਈ (ਪੀ.ਟੀ.ਆਈ)-ਬੁੱਧਵਾਰ ਨੂੰ ਜਾਰੀ ਕੀਤੇ ਸਰਕਾਰੀ ਅੰਕੜਿਆਂ ਮੁਤਾਬਿਕ ਬੇਮੌਸਮੀ ਮੀਂਹ ਅਤੇ ਗੜੇਮਾਰੀ ਦੇ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਦੇਸ਼ 'ਚ 2025-26 ਦੌਰਾਨ ਕਣਕ ਦਾ ਉਤਪਾਦਨ 2.29 ਫ਼ੀਸਦੀ ਵਧ ਕੇ 1206.5 ਲੱਖ ਟਨ ਹੋਣ ਦਾ ਅਨੁਮਾਨ ਹੈ | ਇਹ ਅਨੁਮਾਨ ਖੇਤੀਬਾੜੀ ਮੰਤਰਾਲੇ ਵਲੋਂ 2025-26 ਲਈ ਪਹਿਲਾਂ ਲਗਾਏ 1202 ਲੱਖ ਟਨ ਦੇ ਅਨੁਮਾਨ ਦੇ ਅਨੁਸਾਰ ਹੀ ਹੈ, ਜੋ ਸਾਲ 2024-25 'ਚ ਕਣਕ ਦੇ 1179.4 ਲੱਖ ਟਨ ਉਤਪਾਦਨ ਤੋਂ ਵੱਧ ਹੈ | ਖੇਤੀਬਾੜੀ ਮੰਤਰਾਲੇ ਨੇ 2025-26 ਲਈ ਮੁੱਖ ਖੇਤੀਬਾੜੀ ਫ਼ਸਲਾਂ ਦਾ ਤੀਜਾ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਕਿ ਕਣਕ ਦਾ ਉਤਪਾਦਨ 1206.5 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਨਾਲੋਂ 27.12 ਲੱਖ ਟਨ ਵੱਧ ਹੈ | ਮੰਤਰਾਲੇ ਨੇ ਹਮੇਸ਼ਾ ਦੁਹਰਾਇਆ ਹੈ ਕਿ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਕੁਝ ਇਲਾਕਿਆਂ 'ਚ ਫ਼ਸਲ ਨੂੰ ਨੁਕਸਾਨ ਪੁੱਜਣ ਦੇ ਬਾਵਜੂਦ ਦੇਸ਼ 'ਚ ਕਣਕ ਦਾ ਉਤਪਾਦਨ ਸਥਿਰ ਅਤੇ ਮਜ਼ਬੂਤ ਬਣਿਆ ਹੋਇਆ ਹੈ | 2025-26 ਲਈ ਅਨਾਜ ਦਾ ਕੁੱਲ ਉਤਪਾਦਨ 3765.5 ਲੱਖ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ 3577.3 ਲੱਖ ਟਨ ਸੀ |