ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ-ਬਘੇਲ

Ad Position 21
No active advertisement
ਅਜੀਤ ਡੈਸਕ 30-05-2026

ਕਿਹਾ, ਵਿਧਾਨ ਸਭਾ ਚੋਣਾਂ 'ਤੇ ਰਣਨੀਤਕ ਚਰਚਾ ਲਈ ਸੀ ਮੀਟਿੰਗ
ਮੀਟਿੰਗ ਤੋਂ ਨਾਰਾਜ਼ ਹੋ ਕੇ ਨਿਕਲੇ ਬਾਜਵਾ, ਮੀਡੀਆ ਨਾਲ ਨਹੀਂ ਕੀਤੀ ਕੋਈ ਗੱਲਬਾਤ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 29 ਮਈ-'ਪੰਜਾਬ ਕਾਂਗਰਸ ਦੇ ਪ੍ਰਧਾਨ 'ਚ ਕੋਈ ਬਦਲਾਅ ਨਹੀਂ ਹੋਵੇਗਾ |' ਪੰਜਾਬ ਦੇ ਸੂਬਾਈ ਇੰਚਾਰਜ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਦਿੱਲੀ 'ਚ ਹਾਈਕਮਾਂਡ ਨਾਲ ਪੰਜਾਬ ਦੇ 5 ਸੀਨੀਅਰ ਨੇਤਾਵਾਂ ਨਾਲ ਚਲੀ ਸਾਢੇ ਤਿੰਨ ਘੰਟੇ ਦੀ ਮੀਟਿੰਗ ਤੋਂ ਬਾਅਦ ਉਕਤ ਬਿਆਨ ਦੇ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਦਲਣ ਸੰਬੰਧੀ ਆ ਰਹੀਆਂ ਕਿਆਸਰਾਈਆਂ 'ਤੇ ਵਿਰਾਮ ਲਾ ਦਿੱਤਾ | ਬਘੇਲ ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਸ ਸਮੇਂ ਉਨ੍ਹਾਂ ਨਾਲ ਮੀਟਿੰਗ 'ਚ ਸ਼ਾਮਿਲ ਚਾਰ ਨੇਤਾ ਨਾਲ ਖੜ੍ਹੇ ਇਸ ਫ਼ੈਸਲੇ 'ਤੇ ਇੱਕਜੁਟਤਾ ਅਤੇ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਪਿੱਛੇ ਖੜ੍ਹੇ ਨਜ਼ਰ ਆਏ ਪਰ ਮੀਟਿੰਗ 'ਚ ਸ਼ਾਮਿਲ ਪੰਜਵੇਂ ਅਤੇ ਅਹਿਮ ਨੇਤਾ ਪ੍ਰਤਾਪ ਸਿੰਘ ਬਾਜਵਾ ਤਕਰੀਬਨ ਅੱਧੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਹੀ ਚਲੇ ਗਏ ਸਨ | ਹਾਲਾਂਕਿ ਉਨ੍ਹਾਂ ਨੇ ਜਾਂਦੇ ਵੇਲੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ | ਹਲਕਿਆਂ ਮੁਤਾਬਿਕ ਪੰਜਾਬ ਕਾਂਗਰਸ ਦਾ ਇਕ ਧੜਾ ਪਿਛਲੇ ਕਾਫੀ ਸਮੇਂ ਤੋਂ ਪ੍ਰਧਾਨਗੀ 'ਚ ਬਦਲਾਅ ਦੀ ਮੰਗ ਕਰ ਰਿਹਾ ਹੈ ਪਰ 2022 'ਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੀਤੇ ਬਦਲਾਅ ਕਾਰਨ ਪਾਰਟੀ ਨੂੰ ਲੱਗੇ ਝਟਕਿਆਂ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਦਲਣਾ ਅਤੇ ਸੁਨੀਲ ਜਾਖੜ ਦੇ ਮੁੱਖ ਮੰਤਰੀ ਦੇ ਦਾਅਵੇਦਾਰੀ ਨੂੰ ਦਰਕਿਨਾਰ ਕਰਨ ਤੋਂ ਬਾਅਦ ਕਈ ਆਗੂਆਂ ਦਾ ਪਾਰਟੀ ਛੱਡ ਕੇ ਜਾਣਾ, ਕਾਰਨ ਪਾਰਟੀ ਅਜਿਹਾ ਕੋਈ ਵੀ ਤਜਰਬਾ ਕਰਨ ਤੋਂ ਗੁਰੇਜ਼ ਕਰ ਰਹੀ ਹੈ | ਹਲਕਿਆਂ ਮੁਤਾਬਿਕ ਬਾਜਵਾ ਉਨ੍ਹਾਂ ਨੇਤਾਵਾਂ ਦੇ ਧੜੇ ਨਾਲ ਹੀ ਇਤਫਾਕ ਰੱਖਦਿਆਂ ਬਦਲਾਅ ਦੀ ਮੰਗ ਕਰ ਰਹੇ ਸਨ ਅਤੇ ਹਾਈਕਮਾਂਡ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੇ ਇਕ ਵਾਰ ਫਿਰ ਇਨਕਾਰ ਤੋਂ ਬਾਅਦ ਉਹ ਡੇਢ ਘੰਟੇ ਬਾਅਦ ਹੀ ਮੀਟਿੰਗ 'ਚੋਂ ਉਠ ਕੇ ਚਲੇ ਗਏ | ਬਘੇਲ ਕੋਲੋਂ ਪੱਤਰਕਾਰਾਂ ਨੇ ਜਦੋਂ ਬਾਜਵਾ ਦੇ ਜਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਉਹ ਲੀਡਰਸ਼ਿਪ ਨੂੰ ਦੱਸ ਕੇ ਹੀ ਮੀਟਿੰਗ 'ਚੋਂ ਗਏ ਹਨ | ਉਨ੍ਹਾਂ ਪੱਤਰਕਾਰਾਂ ਨੂੰ 'ਤਿਲ ਦਾ ਤਾੜ' ਬਣਾਉਣ ਤੋਂ ਗੁਰੇਜ਼ ਕਰਨ ਨੂੰ ਕਿਹਾ ਪਰ ਉਹ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ | ਖੜਗੇ ਦੀ ਰਿਹਾਇਸ਼ 'ਤੇ ਹੋਈ ਮੀਟਿੰਗ ਤਕਰੀਬਨ ਸਾਢੇ ਤਿੰਨ ਘੰਟੇ ਚੱਲੀ, ਜਿਸ 'ਚ ਰਾਹੁਲ ਗਾਂਧੀ, ਕੇ. ਸੀ. ਵੈਨੁਗੋਪਾਲ ਅਤੇ ਭੁਪੇਸ਼ ਬਘੇਲ ਸ਼ਾਮਿਲ ਸਨ, ਜਦਕਿ ਪੰਜਾਬ ਤੋਂ 5 ਸੀਨੀਅਰ ਨੇਤਾਵਾਂ ਨੂੰ ਸੱਦਿਆ ਗਿਆ ਸੀ ਜਿਨ੍ਹਾਂ 'ਚ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਜੇਇੰਦਰ ਸਿੰਗਲਾ ਸ਼ਾਮਿਲ ਸਨ |
ਪੰਜਾਬ ਕਾਂਗਰਸ ਨੂੰ ਲੈ ਕੇ ਦਿੱਲੀ 'ਚ ਹੋਈ ਮੀਟਿੰਗ ਦਾ ਬਿਓਰਾ ਦਿੰਦਿਆਂ ਬਘੇਲ ਨੇ ਕਿਹਾ ਕਿ ਇਹ ਮੀਟਿੰਗ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤਕ ਚਰਚਾ ਲਈ ਸੱਦੀ ਗਈ ਸੀ | ਉਨ੍ਹਾਂ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਦੇ ਭਿ੍ਸ਼ਟਾਚਾਰ ਨੂੰ ਕਿਵੇਂ ਜਨਤਾ ਦੇ ਸਾਹਮਣੇ ਲਿਆਂਦਾ ਜਾਵੇ, ਇਸ ਬਾਰੇ ਵੀ ਚਰਚਾ ਹੋਈ | ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਚਰਚਾ ਛਿੜੀ ਹੈ, ਇਸ ਤੋਂ ਪਹਿਲਾਂ 22 ਜਨਵਰੀ, 2026 ਨੂੰ ਵੀ ਦਿੱਲੀ 'ਚ ਖੜਗੇ ਦੀ ਹੀ ਰਿਹਾਇਸ਼ 'ਤੇ ਇਹ ਚਰਚਾ ਚਲੀ ਸੀ ਪਰ ਉਸ ਵੇਲੇ ਪ੍ਰਧਾਨਗੀ ਬਦਲਣ ਦੇ ਮੁੱਦੇ 'ਤੇ ਭਾਰੂ ਪਾਰਟੀ ਦੇ ਅਨੁਸ਼ਾਸਨ ਦਾ ਮੁੱਦਾ ਹੋ ਗਿਆ ਸੀ | ਬੈਠਕ 'ਚ ਚੰਨੀ ਵਲੋਂ ਪਾਰਟੀ 'ਚ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਨੂੰ ਲੈ ਕੇ ਵਿਵਾਦਿਤ ਬੋਲਾਂ 'ਤੇ ਵਧੇਰੇ ਚਰਚਾ ਹੋਈ ਅਤੇ ਭਵਿੱਖ 'ਚ ਅਜਿਹਾ ਕੁਝ ਵੀ ਵਿਵਾਦ ਕਿਸੇ ਵੀ ਨੇਤਾ ਵਲੋਂ ਨਾ ਉਠਾਉਣ ਦੀ ਤਾਕੀਦ ਕੀਤੀ ਗਈ ਸੀ | ਉਸ ਵੇਲੇ ਬੈਠਕ 'ਚ ਹਾਈ ਕਮਾਨ ਨੇ ਵੜਿੰਗ ਨੂੰ ਹਟਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ ਅਤੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਚਰਚਾ ਕਰਨ ਵਾਲੇ ਨੇਤਾ ਦੇ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ | ਪਾਰਟੀ ਵਲੋਂ ਮੁੜ ਆਪਣਾ ਰੁਖ 28 ਫਰਵਰੀ ਨੂੰ ਬਰਨਾਲਾ 'ਚ ਹੋਈ ਰੈਲੀ 'ਚ ਵੀ ਸਪੱਸ਼ਟ ਕੀਤਾ ਸੀ ਅਤੇ ਸਭ ਨੂੰ ਟੀਮ ਵਰਕ ਨਾਲ ਚੱਲਣ ਦੀ ਤਾਕੀਦ ਕੀਤੀ ਸੀ | ਬਘੇਲ ਨੇ ਵੀ ਦੋ ਤਿੰਨ ਮੌਕਿਆਂ 'ਤੇ ਦੁਹਰਾਉਂਦਿਆਂ ਕਿਹਾ ਸੀ ਕਿ ਪੰਜਾਬ 'ਚ ਪ੍ਰਧਾਨਗੀ ਬਾਰੇ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ | ਸ਼ੁੱਕਰਵਾਰ ਦੀ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਬਦਲਣ ਦੇ ਕਿਆਸਾਂ ਨੇ ਇਸ ਲਈ ਵੀ ਵਧੇਰੇ ਜ਼ੋਰ ਫੜਿਆ, ਕਿਉਂਕਿ ਇਹ ਮੀਟਿੰਗ ਭਾਜਪਾ ਵਲੋਂ ਨਵਾਂ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਐਲਾਨਣ ਤੋਂ ਇਕ ਦਿਨ ਬਾਅਦ ਹੋ ਰਹੀ ਸੀ | ਇਹ ਕਿਆਸ ਲਾਏ ਜਾ ਰਹੇ ਸੀ ਕਿ ਜਿਵੇਂ ਭਾਜਪਾ ਨੇ 117 ਵਿਧਾਨ ਸਭਾ ਸੀਟਾਂ 'ਚੋਂ ਪ੍ਰਭਾਵੀ 69 ਸੀਟਾਂ ਵਾਲੇ ਮਾਲਵੇ ਖਿੱਤੇ ਦੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਇਆ ਹੈ ਤਾਂ ਅਜਿਹਾ ਕੋਈ ਫ਼ੈਸਲਾ ਕਾਂਗਰਸ ਵਲੋਂ ਵੀ ਕੀਤਾ ਜਾ ਸਕਦਾ ਹੈ ਪਰ ਹਲਕਿਆਂ ਮੁਤਾਬਿਕ ਕਾਂਗਰਸ ਜੋ ਸੂਬੇ 'ਚ ਆਪ ਦੀ ਸੱਤਾ ਦੇ ਬਦਲ ਵਜੋਂ ਉੱਭਰ ਰਹੀ ਹੈ, 'ਚ ਅਹੁਦਿਆਂ ਨੂੰ ਲੈ ਕੇ ਕੋਈ ਛੇੜਛਾੜ ਨਾ ਕੀਤੀ ਜਾਏ ਅਤੇ ਇਸ ਸੰਬੰਧ 'ਚ ਫ਼ੈਸਲਾ ਬਾਅਦ 'ਚ ਲਿਆ ਜਾ ਸਕਦਾ ਹੈ | ਹਾਲ 'ਚ ਕੇਰਲਮ 'ਚ ਮੁੱਖ ਮੰਤਰੀ ਦੀ ਚੋਣ ਅਤੇ ਕਰਨਾਟਕ 'ਚ ਮੁੱਖ ਮੰਤਰੀ ਦੇ ਬਦਲਾਅ ਨੂੰ ਕਾਂਗਰਸ ਦੀ ਨਵੀਂ ਰਣਨੀਤੀ ਦਾ ਆਗਾਜ਼ ਮੰਨਿਆ ਜਾ ਰਿਹਾ ਹੈ, ਜਿਥੇ ਇਕਜੁੱਟਤਾ, ਸੰਤੁਲਨ ਅਤੇ ਖੇਤਰੀ ਤਵਾਜਨ ਨੂੰ ਮੁੱਖ ਰੱਖ ਕੇ ਫੈਸਲੇ ਲਏ ਗਏ ਹਨ | ਪਾਰਟੀ ਹਲਕਿਆਂ ਮੁਤਾਬਿਕ ਪੰਜਾਬ 'ਚ ਵੀ ਕਾਂਗਰਸ ਅਜਿਹੀ ਹੀ ਰਣਨੀਤੀ ਨਾਲ ਚੱਲਣਾ ਚਾਹੁੰਦੀ ਹੈ |
ਸਥਾਨਕ ਚੋਣਾਂ ਦੇ ਨਤੀਜਿਆਂ 'ਤੇ ਸੰਤੋਸ਼ ਪ੍ਰਗਟਾਇਆ
ਬਘੇਲ ਨੇ ਮੀਡੀਆ ਵਲੋਂ ਸ਼ੁੱਕਰਵਾਰ ਨੂੰ ਹੀ ਸਥਾਨਕ ਚੋਣਾਂ 'ਚ ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਰਵਾਇਤਨ ਸੱਤਾ ਧਿਰ ਦੇ ਹੱਕ 'ਚ ਹੀ ਸਥਾਨਕ ਚੋਣਾਂ ਦੇ ਨਤੀਜੇ ਆਉਂਦੇ ਹਨ ਪਰ ਆਪ ਵਲੋਂ ਸਾਮ, ਦਾਮ, ਢੰਡ ਭੇਤ ਅਪਣਾਉਣ ਦੇ ਬਾਵਜੂਦ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਟੀ.ਈ.ਟੀ. ਪਾਸ ਕਰਨ ਦੀ ਸਮਾਂ ਹੱਦ ਇਕ ਸਾਲ ਲਈ ਵਧਾਈ <br/> ਅਗਲੀ ਖ਼ਬਰ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੇ ਕੰਮ ਦੀ ਕੀਤੀ ਪ੍ਰਸੰਸਾ-ਕੇਜਰੀਵਾਲ
Ad Position 24
No active advertisement