ਨਵੀਂ ਦਿੱਲੀ, 31 ਮਈ (ਏਜੰਸੀ)-ਈਦ-ਉਲ-ਅਜ਼ਹਾ ਦੇ ਕਾਰਨ 28 ਮਈ ਨੂੰ ਹੋਣ ਵਾਲੇ ਕੁਝ ਟੈਸਟ ਮੁਲਤਵੀ ਕੀਤੇ ਜਾਣ ਬਾਅਦ ਐਤਵਾਰ ਨੂੰ ਮੁੜ ਨਿਰਧਾਰਤ ਕੀਤੀ ਗਈ ਸੀ. ਯੂ. ਈ. ਟੀ.-ਯੂ. ਜੀ. 2026 ਪ੍ਰੀਖਿਆ ਸੈਕੜੇ ਪ੍ਰੀਖਿਆ ਕੇਂਦਰਾਂ 'ਤੇ ਸੁਚਾਰੂ ਰੂਪ ਨਾਲ ਕਰਵਾਈ ਗਈ | ਐਨ. ਟੀ. ਏ. ਦੇ ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਦੇਸ਼ ਭਰ ਅਤੇ ਵਿਦੇਸ਼ਾਂ 'ਚ ਸਥਿਤ ਕੇਂਦਰਾਂ 'ਤੇ ਮੁੜ ਨਿਰਧਾਰਿਤ ਕੀਤੀ ਗਈ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ-ਯੂ. ਜੀ. 2026 ਦੋ ਸ਼ਿਫਟਾਂ 'ਚ ਕਰਵਾਈ ਗਈ | ਪਹਿਲੀ ਸ਼ਿਫਟ 'ਚ 334 ਕੇਂਦਰਾਂ 'ਤੇ 70,266 ਉਮੀਦਵਾਰਾਂ ਲਈ ਪ੍ਰੀਖਿਆ ਕਰਵਾਈ ਗਈ | ਇਕ ਵਿਦੇਸ਼ੀ ਕੇਂਦਰ ਵੀ ਕਾਰਜਸ਼ੀਲ ਸੀ ਅਤੇ ਦੋ ਵਿਦੇਸ਼ੀ ਉਮੀਦਵਾਰ ਪ੍ਰੀਖਿਆ 'ਚ ਸ਼ਾਮਿਲ ਹੋਏ | ਦੂਜੀ ਸ਼ਿਫਟ 'ਚ 358 ਕੇਂਦਰਾਂ 'ਤੇ 80,872 ਉਮੀਦਵਾਰਾਂ ਲਈ ਪ੍ਰੀਖਿਆ ਕਰਵਾਈ ਗਈ, ਜਿਸ 'ਚ ਕੁਲ 54,882 ਉਮੀਦਵਾਰ ਸ਼ਾਮਿਲ ਹੋਏ, ਜਿਸ ਦੇ ਨਤੀਜੇ ਵਜੋਂ ਹਾਜ਼ਰੀ ਦਰ 67.9 ਫ਼ੀਸਦੀ ਰਹੀ | ਇਸ ਤੋਂ ਪਹਿਲਾਂ ਐਨ. ਟੀ. ਏ. ਨੇ ਈਦ-ਉਲ-ਅਜ਼ਹਾ ਦੇ ਕਾਰਨ 28 ਮਈ ਨੂੰ ਹੋਣ ਵਾਲੇ ਕੁਝ ਟੈਸਟ ਮੁਲਤਵੀ ਕਰਨ ਦੇ ਬਾਅਦ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ-ਯੂ.ਜੀ. 2026 ਪ੍ਰੀਖਿਆ ਪ੍ਰੋਗਰਾਮ 'ਚ ਸੋਧ ਕੀਤੀ ਗਈ ਸੀ | ਏਜੰਸੀ ਨੇ ਬਾਅਦ ਵਿਚ ਐਲਾਨ ਕੀਤਾ ਕਿ ਮੁਲਤਵੀ ਕੀਤੀਆਂ ਪ੍ਰੀਖਿਆਵਾਂ 31 ਮਈ, 6 ਜੂਨ ਅਤੇ 7 ਜੂਨ ਨੂੰ ਕਰਵਾਈਆਂ ਜਾਣਗੀਆਂ | 31 ਮਈ ਵਾਲੀ ਪ੍ਰੀਖਿਆ ਲਈ ਦਾਖ਼ਲਾ ਕਾਰਡ ਜਾਰੀ ਕੀਤੇ ਗਏ ਸਨ, ਜਦੋਂਕਿ ਬਾਕੀ ਤਰੀਕਾਂ ਲਈ ਵੱਖਰੇ ਤੌਰ 'ਤੇ ਦਾਖ਼ਲਾ ਕਾਰਡ ਜਾਰੀ ਕੀਤੇ ਜਾਣੇ ਹਨ |