ਬੈਂਕਾਕ, 31 ਮਈ (ਏਜੰਸੀ)-ਬਚਾਅ ਦਲ ਦੇ ਮੈਂਬਰਾਂ ਅਤੇ ਸੁਤੰਤਰ ਮੀਡੀਆ ਰਿਪੋਰਟਾਂ ਅਨੁਸਾਰ ਐਤਵਾਰ ਨੂੰ ਪੂਰਬ ਉਤਰ ਮਿਆਂਮਾਰ ਦੇ ਇਕ ਭਵਨ 'ਚ ਹੋਏ ਧਮਾਕੇ 'ਚ 45 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਭਵਨ 'ਚ ਮਾਇਨਿੰਗ ਦੇ ਕੰਮਾਂ ਲਈ ਧਮਾਕਾਖੇਜ਼ ਸਮਗਰੀ ਰੱਖੀ ਹੋਈ ਸੀ | ਨਾਮਖਾਮ ਟਾਊਨਸ਼ਿਪ ਦੇ ਕੌਂਗਟੁੱਪ ਪਿੰਡ 'ਚ ਦੁਪਹਿਰ ਸਮੇਂ ਹੋਏ ਇਸ ਧਮਾਕੇ 'ਚ ਲਗਭਗ 70 ਹੋਰ ਲੋਕ ਜ਼ਖ਼ਮੀ ਹੋ ਗਏ | ਇਹ ਇਲਾਕਾ, ਜੋ ਚੀਨੀ ਸਰਹੱਦ ਤੋਂ ਲਗਭਗ 3 ਕਿਲੋਮੀਟਰ ਦੱਖਣ 'ਚ ਸਥਿਤ ਹੈ, ਤਾ'ਆਂਗ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਕੰਟਰੋਲ 'ਚ ਹੈ | ਇਹ ਇਕ ਜਾਤੀ ਹਥਿਆਰਬੰਦ ਸਮੂਹ ਹੈ, ਜੋ ਮਿਆਂਮਾਰ ਦੀ ਕੇਂਦਰ ਸਰਕਾਰ ਖ਼ਿਲਾਫ਼ ਰੁਕ-ਰੁਕ ਕੇ ਹੋਣ ਵਾਲੀ ਲੜਾਈ 'ਚ ਸ਼ਾਮਿਲ ਰਿਹਾ ਹੈ | ਧਮਾਕੇ ਵਾਲੇ ਸਥਾਨ 'ਤੇ ਪੁੱਜੇ ਇਕ ਬਚਾਅਕਰਮੀ ਨੇ ਦੱਸਿਆ ਕਿ ਐਤਵਾਰ ਸ਼ਾਮ ਤੱਕ 46 ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ 'ਚ ਛੇ ਬੱਚੇ ਸ਼ਾਮਿਲ ਸਨ ਅਤੇ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ | ਸੁਰੱਖਿਆ ਕਾਰਨਾਂ ਕਰਕੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਬਚਾਅ ਕਰਮੀ ਨੇ ਦੱਸਿਆ ਕਿ 74 ਜ਼ਖ਼ਮੀ ਲੋਕਾਂ ਨੂੰ ਟਾਊਨਸ਼ਿਪ ਹਸਪਤਾਲ ਪਹੁੰਚਾਇਆ ਗਿਆ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਸਨ |