ਨਵੀਂ ਦਿੱਲੀ, 1 ਜੂਨ (ਜਗਤਾਰ ਸਿੰਘ)-ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਆਂਗ ਹਲੇਂਗ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿਵਾਇਆ ਕਿ ਮਿਆਂਮਾਰ ਦੀ ਜ਼ਮੀਨ ਦੀ ਵਰਤੋਂ ਭਾਰਤ ਦੇ ਸੁਰੱਖਿਆ ਹਿਤਾਂ ਖ਼ਿਲਾਫ਼ ਨਹੀਂ ਹੋਣ ਦਿੱਤੀ ਜਾਵੇਗੀ | ਦੋਵੇਂ ਨੇਤਾਵਾਂ ਨੇ ਵਪਾਰ, ਰੱਖਿਆ ਅਤੇ ਊਰਜਾ ਦੇ ਖੇਤਰਾਂ 'ਚ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਗੱਲਬਾਤ ਕੀਤੀ | ਆਂਗ ਹਲੇਂਗ ਭਾਰਤ ਦੀ 5 ਦਿਨਾ ਯਾਤਰਾ 'ਤੇ ਹਨ | ਇਹ ਯਾਤਰਾ ਮਿਆਂਮਾਰ ਦੀਆਂ ਸੰਸਦੀ ਚੋਣਾਂ ਦੇ ਬਾਅਦ ਰਾਸ਼ਟਰਪਤੀ ਬਣਨ ਦੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਹੋਈ ਹੈ | ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੂ ਚੀ ਨਾਲ ਜੁੜੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਇਹ ਮੁੱਦਾ ਚੁੱਕਿਆ ਸੀ | ਉਨ੍ਹਾਂ ਦੱਸਿਆ ਕਿ ਇਸ 'ਤੇ ਚਰਚਾ ਮੁੱਖ ਤੌਰ 'ਤੇ ਮਿਆਂਮਾਰ 'ਚ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਦੇ ਸੰਦਰਭ 'ਚ ਹੋਈ | ਇਹ ਮੁੱਦੇ 'ਤੇ ਭਾਰਤ ਦੇ ਲਗਾਤਾਰ ਰੁਖ ਨੂੰ ਸਪੱਸ਼ਟ ਕਰਦੇ ਹੋਏ ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਸਥਾਈ ਸ਼ਾਂਤੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸਾਰੀਆਂ ਸੰਬੰਧਿਤ ਧਿਰਾਂ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆਉਣ ਦੀ ਜ਼ਰੂਰਤ ਦਾ ਸਮਰਥਨ ਕਰਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਇਕ ਖੁੱਲ੍ਹੀ ਅਤੇ ਬੇਝਿਜਕ ਚਰਚਾ ਸੀ | ਉਨ੍ਹਾਂ ਕਿਹਾ ਕਿ ਉਹ ਇਹ ਸਾਫ਼ ਕਰ ਦੇਣਾ ਚਾਹੁੰਦੇ ਹਨ ਕਿ ਮਿਆਂਮਾਰ ਨਾਲ ਸਾਡੀ ਗੱਲਬਾਤ ਦਾ ਮਕਸਦ ਉਸ ਦੇਸ਼ ਦੀ ਅੰਦਰੂਨੀ ਰਾਜਨੀਤਕ ਵਿਵਸਥਾ 'ਤੇ ਕੋਈ ਟਿੱਪਣੀ ਕਰਨਾ ਨਹੀਂ ਹੈ | ਮਿਸਰੀ ਨੇ ਦੱਸਿਆ ਕਿ ਦੋਵੇਂ ਧਿਰਾਂ ਦਰਮਿਆਨ ਹੋਈ ਗੱਲਬਾਤ 'ਚ ਦੁਵੱਲੇ ਮੁੱਦਿਆਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਹੋਈ | ਇਸ ਵਿਚ ਵਪਾਰ ਅਤੇ ਆਰਥਿਕ ਸੰਬੰਧ, ਰੱਖਿਆ ਅਤੇ ਸੁਰੱਖਿਆ ਨਾਲ ਜੁੜੇ ਮੁੱਦੇ, ਸਰਹੱਦ ਪ੍ਰਬੰਧਨ, ਵਿਕਾਸ ਕਾਰਜਾਂ 'ਚ ਸਹਾਇਤਾ ਅਤੇ ਖੇਤਰੀ ਹਾਲਾਤ ਸ਼ਾਮਿਲ ਸਨ | ਦੋਵੇਂ ਧਿਰਾਂ ਨੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਚ ਦਿਲਚਸਪੀ ਦਿਖਾਈ | ਖਾਸ ਕਰ ਵਪਾਰ ਅਤੇ ਨਿਵੇਸ਼, ਸਿਹਤ, ਸਿੱਖਿਆ, ਊਰਜਾ ਅਤੇ ਏ. ਆਈ. ਵਰਗੀਆਂ ਆਧੁਨਿਕ ਤਕਨੀਕਾਂ ਦੇ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ | ਵਿਦੇਸ਼ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਿਆਂਮਾਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਭਾਰਤ ਦੇ ਸਮਰਥਨ ਨੂੰ ਦੁਹਰਾਇਆ | ਨਾਲ ਹੀ ਦੋਵੇਂ ਧਿਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਜ਼ਮੀਨ ਦੀ ਵਰਤੋਂ ਅਜਿਹੇ ਕੰਮਾਂ ਲਈ ਨਹੀਂ ਹੋਣੀ ਚਾਹੀਦੀ, ਜੋ ਦੂਜੇ ਦੇਸ਼ ਦੇ ਸੁਰੱਖਿਆ ਹਿਤਾਂ ਖ਼ਿਲਾਫ਼ ਹੋਵੇ | ਮਿਆਂਮਾਰ ਦੇ ਇਸ ਨੇਤਾ ਨਾਲ ਉੱਚ ਪੱਧਰੀ ਵਫਦ ਵੀ ਆਇਆ ਹੈ, ਜਿਸ ਵਿਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਅਤੇ ਕਾਰੋਬਾਰੀ ਨੇਤਾ ਸ਼ਾਮਿਲ ਹਨ |
ਮਿਆਂਮਾਰ ਦੇ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ <br/>
ਅਜੀਤ ਡੈਸਕ
02-06-2026