ਸ਼ਿਵ ਸ਼ਰਮਾ
ਜਲੰਧਰ, 7 ਜੂਨ-ਜੂਨ ਦੀ ਕਹਿਰ ਦੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਐਤਵਾਰ ਨੂੰ ਗਰਮੀ ਕਾਰਨ ਜਿਥੇ ਸੜਕਾਂ ਸੰੁਨਸਾਨ ਨਜ਼ਰ ਆਈਆਂ ਉਥੇ ਪਾਵਰਕਾਮ ਵੀ ਭਾਰੀ ਦਬਾਅ 'ਚ ਆ ਗਿਆ ਹੈ | ਪਾਵਰਕਾਮ ਲਈ ਸਭ ਤੋਂ ਔਖੇ ਮਹੀਨੇ ਜੂਨ ਤੇ ਜੁਲਾਈ ਦੇ ਹੁੰਦੇ ਹਨ ਕਿਉਂਕਿ ਇਕ ਤਾਂ ਜਿੱਥੇ ਕਹਿਰ ਦੀ ਗਰਮੀ ਕਾਰਨ ਘਰੇਲੂ ਖੇਤਰ ਦੀ ਬਿਜਲੀ ਦੀ ਮੰਗ ਪੀਕ 'ਤੇ ਹੁੰਦੀ ਹੈ ਉਥੇ ਦੂਜੇ ਪਾਸੇ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਨਾਲ ਪਾਵਰਕਾਮ ਦੋਹਰੇ ਦਬਾਅ ਵਿਚ ਹੁੰਦਾ ਹੈ | ਮੌਸਮ ਮਾਹਿਰਾਂ ਵਲੋਂ ਪਹਿਲਾਂ ਹੀ ਜੂਨ ਤੋਂ ਕਹਿਰ ਦੀ ਗਰਮੀ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ | ਪਾਵਰਕਾਮ ਨੇ ਚਾਹੇ ਬਿਜਲੀ ਸਪਲਾਈ ਲਈ ਹਰ ਸੰਭਵ ਪ੍ਰਬੰਧ ਕੀਤੇ ਹੁੰਦੇ ਹਨ ਪਰ ਮੰਗ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਕਈ ਖੇਤਰਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮੌਸਮ ਮਾਹਿਰਾਂ ਵਲੋਂ ਇਸ ਵਾਰ ਜੂਨ ਵਿਚ ਪੈਣ ਵਾਲੀ ਗਰਮੀ ਬਾਰੇ ਜੋ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ, ਉਸ ਮੁਤਾਬਿਕ ਸੂਬੇ ਵਿਚ ਝੋਨੇ ਦੀ ਬਿਜਾਈ ਦਾ ਪੂਰਾ ਕੰਮ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਪਿਛਲੇ ਸਾਲਾਂ ਦਾ ਰਿਕਾਰਡ ਤੋੜਨ ਜਾ ਰਹੀ ਦੱਸੀ ਜਾ ਰਹੀ ਹੈ | ਜੁਲਾਈ 2025 ਵਿਚ ਝੋਨੇ ਦੀ ਬਿਜਾਈ ਦੇ ਸੀਜ਼ਨ ਵਿਚ ਬਿਜਲੀ ਦੀ ਰਿਕਾਰਡ ਮੰਗ 16760 ਮੈਗਾਵਾਟ ਤੱਕ ਪੁੱਜ ਗਈ ਸੀ | ਜੂਨ 2025 ਵਿਚ ਬਿਜਲੀ ਦੀ ਖਪਤ 9000 ਮਿਲੀਅਨ ਯੂਨਿਟ ਦੇ ਲਗਭਗ ਸੀ ਜਿਹੜੀ ਕਿ ਸਾਲ 2024 ਦੇ ਮੁਕਾਬਲੇ 4.5 ਫ਼ੀਸਦੀ ਦੇ ਕਰੀਬ ਜ਼ਿਆਦਾ ਸੀ | ਪਾਵਰਕਾਮ ਨੂੰ ਆਪਣੇ ਸਰੋਤਾਂ ਡੈਮਾਂ ਅਤੇ ਕੋਲੇ ਦੇ ਪਲਾਂਟਾਂ ਤੋਂ ਕਰੀਬ 6500 ਮੈਗਾਵਾਟ ਬਿਜਲੀ ਮਿਲਦੀ ਹੈ, ਜਦਕਿ ਪਾਵਰ ਗਰਿੱਡ ਅਤੇ ਬੈਂਕਿੰਗ ਪ੍ਰਣਾਲੀ ਦੇ ਤਹਿਤ 9800 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਪ੍ਰਾਪਤ ਕਰਦਾ ਹੈ | ਮਾਹਿਰਾਂ ਨੇ ਤਾਂ ਇਸ ਗੱਲ ਦੀ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਇਸ ਸਾਲ ਬਿਜਲੀ ਦੀ ਮੰਗ 17500 ਮੈਗਾਵਾਟ ਤੱਕ ਪੁੱਜ ਸਕਦੀ ਹੈ | ਪਾਵਰਕਾਮ ਨੂੰ ਹਰ ਸਾਲ ਜੂਨ-ਜੁਲਾਈ ਵਿਚ ਚੰਗੇ ਮੀਂਹ ਪੈਣ ਨਾਲ ਰਾਹਤ ਮਿਲਦੀ ਰਹੀ ਹੈ ਪਰ ਮੌਸਮ ਮਾਹਿਰਾਂ ਵਲੋਂ ਇਸ ਵਾਰ ਘੱਟ ਮੀਂਹ ਪੈਣ ਦੀ ਸ਼ੰਕਾ ਜ਼ਾਹਿਰ ਕੀਤੀ ਗਈ ਹੈ, ਇਸ ਕਰਕੇ ਪਾਵਰਕਾਮ 'ਤੇ ਇਸ ਵਾਰ ਜ਼ਿਆਦਾ ਦਬਾਅ ਰਹੇਗਾ | ਸੂਬੇ ਵਿਚ 14 ਲੱਖ ਟਿਊਬਵੈੱਲਾਂ ਨੂੰ ਪਾਵਰਕਾਮ ਵਲੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਤੇ ਇਸ ਵਾਰ ਖੇਤੀ ਖੇਤਰ ਨੂੰ 8 ਘੰਟੇ ਬਿਜਲੀ ਸਪਲਾਈ ਕੀਤੀ ਜਾਵੇਗੀ | ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਵਰਕਾਮ ਵਲੋਂ ਬਿਜਲੀ ਸਪਲਾਈ ਵਿਵਸਥਾ ਵਿਚ ਹੋਰ ਵੀ ਸੁਧਾਰ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ | ਪਾਵਰਕਾਮ ਨੇ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਕੇਂਦਰੀ ਪੂਲ ਵਿਚ ਪਹਿਲਾਂ ਹੀ 1000 ਮੈਗਾਵਾਟ ਵਾਧੂ ਬਿਜਲੀ ਲੈਣ ਲਈ ਪਹੁੰਚ ਕੀਤੀ ਸੀ | ਬੇਸ਼ੱਕ, ਇਸ ਸਾਲ ਅਪ੍ਰੈਲ ਮਹੀਨੇ ਵਿਚ ਹੀ ਬਿਜਲੀ ਦੀ ਰਿਕਾਰਡ ਮੰਗ ਪੁੱਜ ਗਈ ਸੀ ਪ੍ਰੰਤੂ ਬਾਅਦ ਵਿਚ ਮੀਂਹ ਪੈ ਜਾਣ ਕਾਰਨ ਲੋਕਾਂ ਅਤੇ ਪਾਵਰਕਾਮ ਨੂੰ ਰਾਹਤ ਮਿਲੀ ਸੀ | ਪਾਵਰਕਾਮ ਕੋਲ ਦਿਨ ਵੇਲੇ ਸੂਰਜੀ ਬਿਜਲੀ ਵੀ ਕਾਫ਼ੀ ਮਾਤਰਾ ਵਿਚ ਉਪਲਬਧ ਹੈ ਪਰ ਦੂਜੇ ਪਾਸੇ ਘੱਟ ਮੀਂਹ ਪੈਣ ਦੀ ਸ਼ੰਕਾ ਕਰਕੇ ਦੇਸ਼ ਭਰ ਵਿਚ ਬਿਜਲੀ ਦੀ ਰਿਕਾਰਡ ਮੰਗ ਵਧ ਗਈ ਹੈ | ਹਰ ਸੂਬੇ ਵਲੋਂ ਬਿਜਲੀ ਐਕਸਚੇਂਜ ਵਿਚ ਜ਼ਿਆਦਾ ਬਿਜਲੀ ਲੈਣ ਦੀ ਮੰਗ ਕੀਤੀ ਜਾ ਰਹੀ ਹੈ | ਕਈ ਸੂਬਿਆਂ ਵਿਚ ਬਿਜਲੀ ਕਮੀ ਦਾ ਸੰਕਟ ਦੇਖਿਆ ਜਾ ਰਿਹਾ ਹੈ | ਜੇਕਰ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਂਦਾ ਹੈ ਤਾਂ ਪਾਵਰਕਾਮ ਨੂੰ ਕੁੱਝ ਰਾਹਤ ਮਿਲਣ ਦੇ ਆਸਾਰ ਬਣ ਸਕਦੇ ਹਨ |
ਵੱਧ ਗਰਮੀ ਤੇ ਝੋਨੇ ਦੀ ਲਵਾਈ ਤੋੜੇਗੀ ਬਿਜਲੀ ਦੀ ਮੰਗ ਦਾ ਰਿਕਾਰਡ <br/>
ਅਜੀਤ ਡੈਸਕ
08-06-2026