ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੀ ਸਿਆਸੀ ਜਮਾਤ ਪੀ.ਐੱਮ.ਐੱਮ.ਐੱਲ. ਨੇ ਵੀ ਖੜ੍ਹੇ ਕੀਤੇ ਉਮੀਦਵਾਰ
ਅੰਮਿ੍ਤਸਰ, 7 ਜੂਨ (ਸੁਰਿੰਦਰ ਕੋਛੜ)-ਭਾਰਤ ਦੇ ਵਿਰੋਧ ਦੇ ਬਾਵਜੂਦ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ਼ ਦੇ ਪਾਕਿਸਤਾਨ ਵਲੋਂ ਕਬਜ਼ਾ ਕੀਤੇ ਹਿੱਸੇ ਗਿਲਗਿਤ-ਬਾਲਟਿਸਤਾਨ ਦੇ 24 ਵਿਧਾਨ ਸਭਾ ਹਲਕਿਆਂ 'ਚ ਅੱਜ ਸਖ਼ਤ ਸੁਰੱਖਿਆ ਹੇਠ ਵੋਟਾਂ ਪਈਆਂ | ਭਾਰਤ ਦਾ ਕਹਿਣਾ ਹੈ ਕਿ ਪਾਕਿ ਵਲੋਂ ਉਸ ਖੇਤਰ 'ਚ ਚੋਣਾਂ ਕਰਵਾਈਆਂ ਗਈਆਂ, ਜਿਸ 'ਤੇ ਉਸ ਨੇ ਗ਼ੈਰ-ਕਾਨੂੰਨੀ ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ | ਜਾਣਕਾਰੀ ਅਨੁਸਾਰ ਅੱਜ ਵੋਟਿੰਗ ਪ੍ਰਕਿਰਿਆ ਪਾਕਿਸਤਾਨੀ ਸਮੇਂ ਮੁਤਾਬਿਕ ਸਵੇਰੇ 8 ਵਜੇ ਸ਼ੁਰੂ ਹੋਈ ਤੇ ਸ਼ਾਮ 5 ਵਜੇ ਤੱਕ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ | ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਗਈ ਹੈ | ਗਿਲਗਿਤ-ਬਾਲਟਿਸਤਾਨ ਦੇ ਮੁੱਖ ਚੋਣ ਕਮਿਸ਼ਨਰ ਰਾਜਾ ਸ਼ਾਹਬਾਜ਼ ਨੇ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ | ਵੋਟਿੰਗ ਪ੍ਰਕਿਰਿਆ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੋਲਿੰਗ ਦੌਰਾਨ ਮਹਿਲਾ ਵੋਟਰਾਂ ਦੀ ਗਿਣਤੀ ਵਧੇਰੇ ਰਹੀ | ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਗਿਲਗਿਤ-ਬਾਲਟਿਸਤਾਨ ਦੇ ਗਿਲਗਿਤ, ਘਿਜ਼ਰ, ਹੰਜ਼ਾ, ਸਕਾਰਦੂ, ਖਰਮਾਂਗ, ਅਸਟੋਰ ਸਮੇਤ ਸਾਰੇ ਜ਼ਿਲਿ੍ਹਆਂ 'ਚ 1,391 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਸਨ | ਚੋਣਾਂ 'ਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਸਭ ਤੋਂ ਵੱਧ ਉਮੀਦਵਾਰ ਖੜ੍ਹੇ ਕੀਤੇ | ਇਸ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਨੇ 22 ਅਤੇ ਜੇਲ੍ਹ 'ਚ ਬੰਦ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸਮਰਥਨ ਨਾਲ 19 ਆਜ਼ਾਦ ਉਮੀਦਵਾਰ ਖੜ੍ਹੇ ਕੀਤੇ ਗਏ | ਇਨ੍ਹਾਂ ਤੋਂ ਇਲਾਵਾ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਮੌਲਾਨਾ ਹਾਫ਼ਿਜ਼ ਦੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੀ ਸਿਆਸੀ ਜਮਾਤ ਪੀ. ਐੱਮ. ਐੱਮ. ਐੱਲ. (ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ), ਇਸਤਹਿਕਾਮ-ਏ-ਪਾਕਿਸਤਾਨ ਪਾਰਟੀ (ਆਈ. ਪੀ. ਪੀ.), ਪਾਕਿਸਤਾਨ ਨਜ਼ਰੀਆਤੀ ਪਾਰਟੀ (ਪੀ. ਐੱਨ. ਪੀ.), ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ. ਆਈ.-ਐੱਫ.), ਇਸਲਾਮੀ ਤਹਿਰੀਕ ਪਾਕਿਸਤਾਨ (ਆਈ. ਟੀ. ਪੀ.), ਮਜਲਿਸ ਵਹਿਦਤ-ਏ-ਮੁਸਲਿਮੀਨ, ਜਮਾਤ-ਏ-ਇਸਲਾਮੀ, ਮੁਤਹਿਦਾ ਕੌਮੀ ਮੂਵਮੈਂਟ-ਪਾਕਿਸਤਾਨ, ਅਵਾਮੀ ਵਰਕਰਜ਼ ਪਾਰਟੀ ਦੇ 403 ਦਾਅਵੇਦਾਰ ਵਿਧਾਨ ਸਭਾ ਸੀਟਾਂ ਲਈ ਚੋਣ ਮੈਦਾਨ 'ਚ ਉਤਰੇ ਹਨ | ਚੋਣਾਂ ਲਈ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਪੰਜਾਬ ਪੁਲਿਸ ਦੇ 10,000 ਕਰਮਚਾਰੀ ਤਾਇਨਾਤ ਕੀਤੇ ਗਏ | ਉਨ੍ਹਾਂ ਤੋਂ ਇਲਾਵਾ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ 1,400 ਹੋਰ ਪੰਜਾਬ ਪੁਲਿਸ ਕਰਮਚਾਰੀ ਇਸਲਾਮਾਬਾਦ ਭੇਜੇ ਗਏ ਹਨ |
ਭਾਰਤੀ ਵਿਰੋਧ ਦੇ ਬਾਵਜੂਦ ਗਿਲਗਿਤ-ਬਾਲਟਿਸਤਾਨ 'ਚ ਸਖ਼ਤ ਸੁਰੱਖਿਆ ਹੇਠ ਪਈਆਂ ਵੋਟਾਂ
ਅਜੀਤ ਡੈਸਕ
08-06-2026