02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅੱਜ ਦਿੱਲੀ 'ਚ ਹੋਵੇਗੀ 'ਇੰਡੀਆ' ਗੱਠਜੋੜ ਦੀ ਬੈਠਕ <br/>

Ad Position 21
No active advertisement
ਅਜੀਤ ਡੈਸਕ 08-06-2026

• 23 ਪਾਰਟੀਆਂ ਨੇ ਬੈਠਕ 'ਚ ਸ਼ਾਮਿਲ ਹੋਣ ਦੀ ਪ੍ਰਗਟਾਈ ਸਹਿਮਤੀ • 'ਆਪ' ਅਤੇ ਡੀ.ਐਮ.ਕੇ. ਨੇ ਬਣਾਈ ਦੂਰੀ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 7 ਜੂਨ-ਆਪਸੀ ਰੰਜਿਸ਼ਾਂ, ਰੋਸਿਆਂ ਅਤੇ ਤੁਹਮਤਬਾਜ਼ੀ ਦਰਮਿਆਨ ਵਿਰੋਧੀ ਧਿਰਾਂ ਦਾ ਗੱਠਜੋੜ 'ਇੰਡੀਆ' ਸੋਮਵਾਰ ਨੂੰ ਮੀਟਿੰਗ ਕਰ ਰਿਹਾ ਹੈ, ਜਿਸ 'ਚ ਕੁਝ ਖੇਤਰੀ ਪਾਰਟੀਆਂ ਨੇ ਮੀਟਿੰਗ ਦਾ ਸਮਰਥਨ ਕਰਦਿਆਂ ਇਸ 'ਚ ਹਿੱਸਾ ਲੈਣ 'ਤੇ ਸਹਿਮਤੀ ਪ੍ਰਗਟਾਈ ਹੈ | ਕਾਂਗਰਸ ਵਲੋਂ ਜਾਰੀ ਬਿਆਨ ਮੁਤਾਬਿਕ ਸੋਮਵਾਰ ਨੂੰ ਹੋਣ ਵਾਲੀ ਇਸ ਬੈਠਕ 'ਚ ਕੁੱਲ 23 ਪਾਰਟੀਆਂ ਸ਼ਾਮਿਲ ਹੋ ਰਹੀਆਂ ਹਨ | ਹਾਲਾਂਕਿ ਇੰਡੀਆ ਗੱਠਜੋੜ ਦੀਆਂ ਦੋ ਅਹਿਮ ਪਾਰਟੀਆਂ, ਡੀ. ਐੱਮ. ਕੇ. ਜੋ ਕਾਂਗਰਸ ਦੇ ਕਾਫੀ ਕਰੀਬੀ ਮੰਨੀ ਜਾਂਦੀ ਸੀ ਅਤੇ ਆਮ ਆਦਮੀ ਪਾਰਟੀ ਨੇ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਸਾਫ਼ ਤੌਰ 'ਤੇ ਮਨ੍ਹਾਂ ਕਰ ਦਿੱਤਾ ਹੈ, ਇਸ ਲਈ ਵੀ ਉਨ੍ਹਾਂ ਕਾਂਗਰਸ ਦੇ ਰਵੱਈਏ ਨੂੰ ਹੀ ਜ਼ਿੰਮੇਵਾਰ ਠਹਿਰਾਇਆ | ਇੰਡੀਆ ਬਲਾਕ ਦੀ ਇਕ ਹੋਰ ਅਹਿਮ ਲੜੀ ਸੀ.ਪੀ.ਐੱਮ. ਨੇ ਵੀ ਕਾਂਗਰਸ ਨਾਲ ਆਪਣੇ ਰੋਸੇ ਸਾਂਝੇ ਕੀਤੇ, ਹਾਲਾਂਕਿ ਉਨ੍ਹਾਂ ਇਹ ਰੋਸੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਇਕ ਚਿੱਠੀ ਰਾਹੀਂ ਪ੍ਰਗਟਾਏ, ਪਰ ਹਲਕਿਆਂ ਮੁਤਾਬਿਕ ਸੀ.ਪੀ.ਐੱਮ. ਵਲੋਂ ਮੀਟਿੰਗ 'ਚ ਆਪਣਾ ਨੁਮਾਇੰਦਾ ਭੇਜਿਆ ਜਾਏਗਾ | ਕਾਂਗਰਸੀ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ 8 ਜੂਨ ਨੂੰ ਦਿੱਲੀ ਦੇ ਸੰਵਿਧਾਨ ਕਲੱਬ 'ਚ ਹੋਣ ਵਾਲੀ ਬੈਠਕ 'ਚ ਸ਼ਾਮਿਲ ਹੋਣ ਲਈ 23 ਪਾਰਟੀਆਂ ਨੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਨੇ ਆਪੋ-ਆਪਣੇ ਕਾਰਨਾਂ ਕਰਕੇ ਇਸ ਬੈਠਕ 'ਚ ਸ਼ਾਮਿਲ ਹੋਣ 'ਚ ਅਸਮਰੱਥਾ ਪ੍ਰਗਟਾਈ | ਜੈਰਾਮ ਰਮੇਸ਼ ਨੇ ਮੀਟਿੰਗ ਦਾ ਏਜੰਡਾ ਸਾਂਝਾ ਕਰਦਿਆਂ ਕਿਹਾ ਕਿ ਬੈਠਕ 'ਚ ਐੱਸ.ਆਈ.ਆਰ., ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ, ਮਹਿੰਗਾਈ ਅਤੇ ਪੇਪਰ ਲੀਕ ਜਿਹੇ ਮੁੱਦਿਆਂ 'ਤੇ ਚਰਚਾ ਹੋਏਗੀ | ਉਨ੍ਹਾਂ ਕਿਹਾ ਕਿ ਸਰਕਾਰ ਜਾਂਚ ਏਜੰਸੀਆਂ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਕਰੋੜਾਂ ਭਾਰਤੀਆਂ ਦੀ ਰੋਜ਼ੀ-ਰੋਟੀ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀ ਹੈ | ਲਗਾਤਾਰ ਮਹਿੰਗਾਈ ਦੇ ਰਾਹੀਂ ਘਰੇਲੂ ਬਜਟ ਵਿਗਾੜ ਰਹੀ ਹੈ, ਨਿਵੇਸ਼ ਦੇ ਮਾਹੌਲ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਆਪਣੀ ਵਿਦੇਸ਼ ਨੀਤੀ ਰਾਹੀਂ ਰਾਸ਼ਟਰੀ ਹਿਤਾਂ ਨਾਲ ਸਮਝੌਤਾ ਕਰ ਰਹੀ ਹੈ |
'ਆਪ' ਨੇ ਬਣਾਈ ਦੂਰੀ
ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਹੋਣ ਵਾਲੀ ਇੰਡੀਆ ਗੱਠਜੋੜ ਦੀ ਬੈਠਕ ਤੋਂ ਦੂਰੀ ਬਣਾ ਲਈ ਹੈ | 'ਆਪ' ਨੇਤਾ ਸੋਮਨਾਥ ਭਾਰਤੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਛੋਟੀਆਂ ਪਾਰਟੀਆਂ ਨੂੰ ਕਮਜ਼ੋਰ ਕਰਨ ਲਈ ਭਾਜਪਾ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ, ਤਾਂ ਜੋ ਭਾਜਪਾ ਅਤੇ ਕਾਂਗਰਸ ਵਾਰੋ-ਵਾਰੀ ਦੇਸ਼ 'ਤੇ ਰਾਜ ਕਰ ਸਕਣ |
ਮਮਤਾ ਬੈਨਰਜੀ ਪਹੁੰਚੀ ਦਿੱਲੀ
ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਈ | ਬੰਗਾਲ 'ਚ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਮਮਤਾ ਬੈਨਰਜੀ ਦਾ ਇਹ ਪਹਿਲਾ ਦਿੱਲੀ ਦੌਰਾ ਹੈ | ਉਹ ਸੋਮਵਾਰ ਨੂੰ ਇੰਡੀਆ ਬਲਾਕ ਦੀ ਮੀਟਿੰਗ 'ਚ ਸ਼ਾਮਿਲ ਹੋਣਗੇ | ਹਾਸਿਲ ਜਾਣਕਾਰੀ ਮੁਤਾਬਿਕ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ |
ਡੀ.ਐਮ.ਕੇ. ਵੀ ਨਹੀਂ ਹੋਵੇਗੀ ਸ਼ਾਮਿਲ
ਕਾਂਗਰਸ ਦੀ ਸਭ ਤੋਂ ਨਜ਼ਦੀਕੀ ਸਮਝੀ ਜਾਂਦੀ ਡੀ.ਐੱਮ.ਕੇ. ਨੇ ਵੀ ਇੰਡੀਆ ਬਲਾਕ ਦੀ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ | ਤਾਮਿਲਨਾਡੂ ਚੋਣਾਂ ਤੋਂ ਬਾਅਦ ਕਾਂਗਰਸ ਵਲੋਂ ਟੀ.ਐੈੱਨ.ਕੇ. ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਡੀ.ਐੱਮ.ਕੇ. ਕਾਂਗਰਸ ਤੋਂ ਕਾਫ਼ੀ ਖਫ਼ਾ ਹੈ | ਡੀ.ਐੱਮ.ਕੇ. ਦੇ ਬੁਲਾਰੇ ਸਰਵਨ ਅੰਨਾਦੁਰਾਈ ਨੇ ਪਾਰਟੀ ਦੇ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਡੀ.ਐੱਮ.ਕੇ. ਅਜਿਹੀ ਕਿਸੇ ਥਾਂ 'ਤੇ ਨਹੀਂ ਰਹਿਣਾ ਚਾਹੁੰਦੀ ਜਿਥੇ ਕਾਂਗਰਸ ਮੌਜੂਦ ਹੋਵੇ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਡੀ.ਐੱਮ.ਕੇ. ਦੀ ਪਿੱਠ 'ਚ ਛੁਰਾ ਖੋਭਿਆ ਹੈ |
ਸੀ.ਪੀ.ਐੱਮ. ਦੀ ਨੁਮਾਇੰਦਗੀ ਕਰਨਗੇ ਜਾਨ ਬਿ੍ਟਾਸ
ਇੰਡੀਆ ਬਲਾਕ ਦੀ ਬੈਠਕ 'ਚ ਸੀ.ਪੀ.ਐੱਮ. ਦੀ ਨੁਮਾਇੰਦਗੀ ਰਾਜ ਸਭਾ ਮੈਂਬਰ ਜਾਨ ਬਿ੍ਟਾਸ ਕਰਨਗੇ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀ.ਪੀ.ਐੱਮ. ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਚਿੱਠੀ ਲਿਖ ਕੇ ਸੀਨੀਅਰ ਨੇਤਾਵਾਂ ਦੀਆਂ ਉਨ੍ਹਾਂ ਟਿੱਪਣੀਆਂ 'ਤੇ ਸਪੱਸ਼ਟੀਕਰਨ ਮੰਗਿਆ ਹੈ ਜਿਨ੍ਹਾਂ 'ਚ ਕੇਰਲ 'ਚ ਸੀ.ਪੀ.ਐੱਮ. ਅਤੇ ਭਾਜਪਾ ਦਰਮਿਆਨ ਸਿਆਸੀ ਮਿਲੀਭੁਗਤ ਦੇ ਦਾਅਵੇ ਕੀਤੇ ਗਏ | ਪਾਰਟੀ ਨੇ ਇਸ ਚਿੱਠੀ ਦੀਆਂ ਕਾਪੀਆਂ ਇੰਡੀਆ ਬਲਾਕ ਦੇ ਹੋਰ ਗੱਠਜੋੜ ਸਾਥੀਆਂ ਨਾਲ ਵੀ ਸਾਂਝੀਆਂ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਯਤਨਾਂ ਲਈ ਤੀਜੀ ਵਾਰ ਈਰਾਨ ਪੁੱਜੇ ਪਾਕਿ ਦੇ ਗ੍ਰਹਿ ਮੰਤਰੀ ਨਕਵੀ ਅਗਲੀ ਖ਼ਬਰ ਭਾਰਤੀ ਵਿਰੋਧ ਦੇ ਬਾਵਜੂਦ ਗਿਲਗਿਤ-ਬਾਲਟਿਸਤਾਨ 'ਚ ਸਖ਼ਤ ਸੁਰੱਖਿਆ ਹੇਠ ਪਈਆਂ ਵੋਟਾਂ
Ad Position 24
No active advertisement