ਅੰਮਿ੍ਤਸਰ, 7 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਕਥਿਤ ਤੌਰ 'ਤੇ ਮੱਧ ਪੂਰਬ ਵਿਚ ਸ਼ਾਂਤੀ ਦਾ ਸਮਰਥਨ ਕਰਨ ਅਤੇ ਤਣਾਅ ਘਟਾਉਣ ਲਈ ਇਕ ਵਾਰ ਫਿਰ ਈਰਾਨ ਪਹੁੰਚੇ | ਉਹ ਇਸ ਤੋਂ ਪਹਿਲਾਂ 18 ਮਈ ਅਤੇ 20 ਮਈ ਨੂੰ ਈਰਾਨ ਦਾ ਦੌਰਾ ਕਰ ਚੁੱਕੇ ਹਨ, ਜਿਥੇ ਉਨ੍ਹਾਂ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਵਿਦੇਸ਼ ਮੰਤਰੀ ਡਾ: ਅੱਬਾਸ ਅਰਾਘਚੀ ਨਾਲ ਮੀਟਿੰਗਾਂ ਕੀਤੀਆਂ | ਬੀਤੀ ਦੇਰ ਰਾਤ ਤਹਿਰਾਨ ਪਹੁੰਚੇ ਨਕਵੀ ਨੇ ਅੱਜ ਸਵੇਰੇ ਆਪਣੇ ਈਰਾਨੀ ਹਮਰੁਤਬਾ ਐਸਕੰਦਰ ਮੋਮੇਨੀ ਨਾਲ ਮੁਲਾਕਾਤ ਕੀਤੀ | ਮੀਟਿੰਗ ਉਪਰੰਤ ਨਕਵੀ ਨੇ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਵਲੋਂ ਈਰਾਨ ਦੇ ਸੁਪਰੀਮ ਲੀਡਰ ਮੋਜ਼ਤਬਾ ਅਲੀ ਖਾਮਨੇਈ ਲਈ ਭੇਜਿਆ ਪੱਤਰ ਅਤੇ ਸੁਨੇਹਾ ਈਰਾਨ ਦੇ ਵਿਦੇਸ਼ ਮੰਤਰੀ ਡਾ: ਅਰਾਘਚੀ ਨੂੰ ਸੌਂਪਦਿਆਂ ਉਮੀਦ ਪ੍ਰਗਟ ਕੀਤੀ ਕਿ ਸਥਿਤੀ 'ਚ ਸੁਧਾਰ ਹੋਵੇਗਾ ਅਤੇ ਮਾਮਲਾ ਦੋਸਤਾਨਾ ਢੰਗ ਨਾਲ ਹੱਲ ਹੋ ਜਾਵੇਗਾ | ਉਨ੍ਹਾਂ ਨੇ ਨਾਲ ਹੀ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨੀ ਲੀਡਰਸ਼ਿਪ ਦੁਆਰਾ ਕੂਟਨੀਤਕ ਯਤਨ ਮੌਜੂਦਾ ਸੰਕਟ ਨੂੰ ਜਲਦੀ ਸਿੱਟੇ 'ਤੇ ਲਿਆਉਣ ਵਿਚ ਮਦਦ ਕਰਨਗੇ | ਪਾਕਿ ਵਲੋਂ ਨਕਵੀ ਦੀ ਫੇਰੀ ਨੂੰ ਖੇਤਰੀ ਸਥਿਤੀ ਅਤੇ ਤਣਾਅ ਘਟਾਉਣ ਲਈ ਸੰਭਾਵਿਤ ਕਦਮਾਂ 'ਤੇ ਚਰਚਾ ਕਰਨ ਦੇ ਉਦੇਸ਼ ਨਾਲ ਵਿਚੋਲਗੀ ਦੇ ਯਤਨਾਂ ਦਾ ਹਿੱਸਾ ਦੱਸਿਆ ਜਾ ਰਿਹਾ ਹੈ |
ਸ਼ਾਂਤੀ ਯਤਨਾਂ ਲਈ ਤੀਜੀ ਵਾਰ ਈਰਾਨ ਪੁੱਜੇ ਪਾਕਿ ਦੇ ਗ੍ਰਹਿ ਮੰਤਰੀ ਨਕਵੀ
ਅਜੀਤ ਡੈਸਕ
08-06-2026