ਮਕਬੂਜ਼ਾ ਕਸ਼ਮੀਰ 'ਚ ਫ਼ੌਜ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ-27 ਮੌਤਾਂ <br/>
ਅਜੀਤ ਡੈਸਕ
09-06-2026
ਅੰਮਿ੍ਤਸਰ, 8 ਜੂਨ-ਪਾਕਿਸਤਾਨੀ ਫ਼ੌਜ ਤੇ ਰੇਂਜਰਾਂ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਖ਼ੂਨੀ ਜੰਗ ਛੇੜ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫ਼ੌਜ ਨੇ ਸੰਯੁਕਤ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਦੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ, ਜਿਸ 'ਚ 27 ਤੋਂ ਵੱਧ ਲੋਕ ਮਾਰੇ ਗਏ ਅਤੇ 150 ਤੋਂ ਵੱਧ ਨੂੰ ਹਿਰਾਸਤ 'ਚ ਲਿਆ ਗਿਆ | ਕੁਝ ਸਥਾਨਕ ਲੋਕਾਂ ਦੀ ਰਿਪੋਰਟ ਹੈ ਕਿ 100 ਤੋਂ ਵੱਧ ਲੋਕ ਮਾਰੇ ਗਏ ਹਨ | ਹਾਲਾਂਕਿ, ਮਿ੍ਤਕਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ | ਇਸ ਘਟਨਾ ਤੋਂ ਬਾਅਦ ਪੀ. ਓ. ਕੇ. 'ਚ ਤਣਾਅ ਵਧ ਗਿਆ ਹੈ | ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਜੇ. ਏ. ਏ. ਸੀ. ਨੇ ਦੋਸ਼ ਲਗਾਇਆ ਹੈ ਕਿ ਸੁਰੱਖਿਆ ਬਲਾਂ ਨੇ ਰਾਵਲਕੋਟ 'ਚ ਜਥੇਬੰਦੀ ਦੇ ਆਗੂ ਦੇ ਅੰਤਿਮ ਜਨਾਜ਼ੇ ਲਈ ਇਕੱਠੇ ਹੋਏ ਲੋਕਾਂ 'ਤੇ ਗੋਲੀਬਾਰੀ ਕੀਤੀ | ਐਕਸ਼ਨ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ 5 ਜੂਨ ਨੂੰ ਪਾਕਿਸਤਾਨੀ ਰੇਂਜਰਜ਼ ਨੇ ਜੇ. ਏ. ਏ. ਸੀ. ਦੇ ਆਗੂ ਸ਼ਾਹਜ਼ੇਬ ਹਬੀਬ ਨੂੰ ਮਾਰ ਦਿੱਤਾ | ਅੱਜ ਲੋਕ ਰਾਵਲਕੋਟ ਦੇ ਕੰਬਾਈਾਡ ਮਿਲਟਰੀ ਹਸਪਤਾਲ ਦੇ ਬਾਹਰ ਸ਼ਾਹਜ਼ੇਬ ਦੇ ਅੰਤਿਮ ਜਨਾਜ਼ੇ ਦੇ ਜਲੂਸ ਲਈ ਇਕੱਠੇ ਹੋਏ ਸਨ, ਜਿਨ੍ਹਾਂ 'ਚ ਆਵਾਮੀ ਐਕਸ਼ਨ ਕਮੇਟੀ ਦੇ ਆਗੂ ਵੀ ਸ਼ਾਮਿਲ ਸਨ | ਵਿਰੋਧ ਪ੍ਰਦਰਸ਼ਨ ਦੌਰਾਨ ਜਦੋਂ ਲੋਕ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ | ਕਮੇਟੀ ਦਾ ਦਾਅਵਾ ਹੈ ਕਿ ਹਸਪਤਾਲ ਦੇ ਅਹਾਤੇ ਤੋਂ 150 ਤੋਂ ਵੱਧ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਸੁਰੱਖਿਆ ਕਾਰਵਾਈ ਤੋਂ ਬਾਅਦ ਕਈ ਲੋਕ ਲਾਪਤਾ ਹਨ | ਦੂਜੇ ਪਾਸੇ, ਪੀ. ਓ. ਕੇ. ਇੰਸਪੈਕਟਰ ਜਨਰਲ ਆਫ਼ ਪੁਲਿਸ ਨੇ ਦਾਅਵਾ ਕੀਤਾ ਕਿ ਜੇ. ਏ. ਏ. ਸੀ. ਦੇ ਲੋਕਾਂ ਵਲੋਂ ਕੀਤੀ ਗੋਲੀਬਾਰੀ 'ਚ 4 ਪੁਲਿਸ ਮਾਰੇ ਗਏ ਅਤੇ 20 ਤੋਂ ਵੱਧ ਗੰਭੀਰ ਜ਼ਖ਼ਮੀ ਹੋਏ | ਆਈ. ਜੀ. ਨੇ ਕਿਹਾ ਕਿ ਹਥਿਆਰਬੰਦ ਹਮਲਾਵਰਾਂ ਨੇ ਨਾ ਸਿਰਫ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਗੋਂ ਰਾਵਲਕੋਟ ਦੇ ਕੰਬਾਈਨਡ ਮਿਲਟਰੀ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ | ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪਾਕਿ ਸਰਕਾਰ ਵਲੋਂ ਜੇ. ਏ. ਏ. ਸੀ. 'ਤੇ ਪਾਬੰਦੀ ਲਗਾਉਣ ਤੋਂ ਬਾਅਦ ਸੰਗਠਨ ਦੇ ਵੱਡੀ ਗਿਣਤੀ 'ਚ ਮੈਂਬਰਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਜਦਕਿ ਅਧਿਕਾਰੀਆਂ ਮੁਤਾਬਿਕ ਸਰਕਾਰ ਨੇ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਉਕਤ ਸੰਗਠਨ ਨੂੰ ਗ਼ੈਰ ਕਾਨੂੰਨੀ ਐਲਾਨਿਆ ਹੈ | ਜੇ. ਏ. ਏ. ਸੀ. ਨੇ ਜੁਲਾਈ 'ਚ ਪੀ. ਓ. ਕੇ. ਵਿਚ ਆਮ ਚੋਣਾਂ ਦੇ ਪ੍ਰਸ਼ਾਸਨ ਵਲੋਂ ਕੀਤੇ ਐਲਾਨ ਦੇ ਵਿਚਕਾਰ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ 9 ਜੂਨ ਨੂੰ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ | ਇਸ ਤੋਂ ਬਾਅਦ ਸਰਕਾਰ ਨੇ ਸੰਗਠਨ 'ਤੇ ਪਾਬੰਦੀ ਲਗਾ ਦਿੱਤੀ ਅਤੇ ਇਸ ਦੇ ਕਈ ਨੇਤਾਵਾਂ ਅਤੇ ਕਾਰਕੁਨਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ |