12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹੈ ਪੰਜਾਬ-ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 10-06-2026

31 ਸਟਾਰਟਅੱਪਜ਼ ਨੂੰ 1.07 ਕਰੋੜ ਦੀ ਸੀਡ ਗ੍ਰਾਂਟ ਵੰਡੀ
ਚੰਡੀਗੜ੍ਹ, 9 ਜੂਨ (ਅਜੀਤ ਬਿਊਰੋ)-ਮੌਜੂਦਾ ਸਮੇਂ ਪੰਜਾਬ ਦੇਸ਼ ਭਰ ਵਿਚ ਸਭ ਤੋਂ ਪਸੰਦੀਦਾ ਸਟਾਰਟਅੱਪ ਸਥਾਨ ਵਜੋਂ ਉੱਭਰ ਰਿਹਾ ਹੈ ਜਿੱਥੇ ਨੌਜਵਾਨ ਆਪਣੇ ਵਿਚਾਰਾਂ ਨੂੰ ਕਾਰੋਬਾਰ ਅਤੇ ਰੋਜ਼ਗਾਰ ਦੇ ਮੌਕਿਆਂ ਵਿਚ ਬਦਲ ਰਹੇ ਹਨ | ਇਸ ਸੋਚ ਦੀ ਪੈਰਵੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 31 ਸਟਾਰਟਅੱਪਜ਼ ਅਤੇ ਉਨ੍ਹਾਂ ਦੇ ਸੰਸਥਾਪਕਾਂ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਫਲ ਉੱਦਮੀਆਂ ਦੀ ਅਗਲੀ ਪੀੜ੍ਹੀ ਨਾ ਸਿਰਫ ਪੰਜਾਬ ਵਿਚੋਂ ਆਵੇ, ਸਗੋਂ ਪੰਜਾਬ ਵਿਚ ਆਪਣੀਆਂ ਕੰਪਨੀਆਂ ਵੀ ਸਥਾਪਤ ਕਰੇ, ਜਿਸ ਨਾਲ ਸੂਬੇ ਅੰਦਰ ਹੀ ਨੌਕਰੀਆਂ ਅਤੇ ਕਮਾਈ ਦੇ ਮੌਕੇ ਪੈਦਾ ਹੋਣ | ਸਟਾਰਟਅੱਪ ਨੂੰ ਪੰਜਾਬ ਦੇ ਭਵਿੱਖੀ ਆਰਥਿਕ ਵਿਕਾਸ ਦਾ ਮੁੱਖ ਥੰਮ੍ਹ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕਿਸੇ ਵੀ ਸ਼ਾਨਦਾਰ ਉੱਦਮ ਨੂੰ ਵਿੱਤੀ ਸਹਾਇਤਾ ਦੀ ਘਾਟ ਕਾਰਨ ਛੱਡਿਆ ਨਾ ਜਾਵੇ | ਮੁੱਖ ਮੰਤਰੀ ਨੇ ਕਿਹਾ ਕਿ 'ਪੰਜਾਬ ਸਟਾਰਟਅੱਪ ਅਤੇ ਇੰਡਸਟ੍ਰੀਅਲ ਪਾਲਿਸੀ-2026' ਤਹਿਤ ਸੀਡ ਗ੍ਰਾਂਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੰਤੀ ਗਈ ਹੈ, ਜਿਸ ਵਿਚ 7 ਸਟਾਰਟਅੱਪਸ ਨੂੰ 5-5 ਲੱਖ ਰੁਪਏ ਅਤੇ 24 ਸਟਾਰਟਅੱਪਸ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ | ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਉੱਦਮ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰਨਗੇ ਅਤੇ ਨੌਜਵਾਨਾਂ ਦਰਮਿਆਨ ਨੌਕਰੀਆਂ ਦੀ ਭਾਲ ਵਿਚ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਵਿਚ ਮਦਦ ਕਰਨਗੇ | ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਅਤੇ ਕਈ ਹੋਰ ਸੁਧਾਰਾਂ ਵਰਗੀਆਂ ਪਹਿਲਕਦਮੀਆਂ ਸਦਕਾ ਇਹ ਪਤਾ ਲੱਗਾ ਹੈ ਕਿ ਕਿਵੇਂ ਨਵੇਂ ਵਿਚਾਰ ਲੋਕਾਂ ਨੂੰ ਸਿੱਧਾ ਲਾਭ ਪਹੁੰਚਾ ਸਕਦੇ ਹਨ | ਉਨ੍ਹਾਂ ਕਿਹਾ ਕਿ ਉੱਦਮਤਾ ਅਤੇ ਨਵੀਨਤਾ ਵਿੱਚ ਮਿਲ ਰਹੇ ਭਰਵੇਂ ਸਮਰਥਨ ਨਾਲ ਪੰਜਾਬ, ਭਾਰਤ ਦਾ ਸਟਾਰਟਅੱਪ ਹੱਬ ਬਣਨ ਦੇ ਰਾਹ 'ਤੇ ਲਗਾਤਾਰ ਅੱਗੇ ਵਧ ਰਿਹਾ ਹੈ | ਸਟਾਰਟਅੱਪਜ਼ ਨੂੰ ਸੀਡ ਗ੍ਰਾਂਟ ਵੰਡਣ ਸੰਬੰਧੀ ਕਰਵਾਏ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਉਦਯੋਗ ਲਈ ਇਕ ਇਤਿਹਾਸਕ ਦਿਨ ਹੈ, ਖਾਸ ਕਰਕੇ ਸਾਡੇ ਨੌਜਵਾਨ ਉੱਦਮੀਆਂ ਲਈ ਜੋ ਨਵੇਂ ਵਿਚਾਰਾਂ ਨਾਲ ਆਪਣਾ ਕਾਰੋਬਾਰੀ ਸਫਰ ਸ਼ੁਰੂ ਕਰ ਰਹੇ ਹਨ | 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਜਾ ਰਹੀ ਹੈ | 7 ਸਟਾਰਟਅੱਪਜ਼ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ, ਜਦੋਂ ਕਿ 24 ਸਟਾਰਟਅੱਪਜ਼ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ | ਇਹ ਨੌਜਵਾਨ ਉੱਦਮੀ ਵਿਚਾਰਾਂ ਰਾਹੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ ਅਤੇ ਉਹ ਇਸ ਸਹਿਯੋਗ ਦੇ ਹੱਕਦਾਰ ਹਨ | ਪੰਜਾਬੀਆਂ ਦੀ ਉੱਦਮੀ ਭਾਵਨਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਆਪਣੀ ਮਿਹਨਤ, ਜਜ਼ਬੇ ਅਤੇ ਉੱਦਮ ਲਈ ਦੁਨੀਆ ਭਰ ਵਿਚ ਜਾਣੇ ਜਾਂਦੇ ਹਨ | ਉਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਸਾਡੇ ਨੌਜਵਾਨ ਨਵੇਂ ਉੱਦਮ ਸ਼ੁਰੂ ਕਰ ਰਹੇ ਹਨ ਅਤੇ ਨਵੇਂ ਮੌਕੇ ਪੈਦਾ ਕਰ ਰਹੇ ਹਨ | ਉਹ ਸਿਰਫ ਕਾਰੋਬਾਰ ਹੀ ਨਹੀਂ ਚਲਾ ਰਹੇ, ਉਹ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇ ਰਹੇ ਹਨ | ਪੰਜਾਬ ਦੀਆਂ ਖੇਤੀਬਾੜੀ ਸਮਰੱਥਾ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਪੰਜਾਬ ਵਿਚ ਭਵਿੱਖੀ ਵਿਕਾਸ ਉੱਚ-ਮੁੱਲ ਵਾਲੀ ਖੇਤੀਬਾੜੀ, ਐਗਰੀ-ਟੈਕ, ਫੂਡ ਪ੍ਰੋਸੈਸਿੰਗ, ਸੁਰੱਖਿਅਤ ਖੇਤੀ, ਕੋਲਡ ਚੇਨ ਅਤੇ ਐਗਰੀ-ਲੌਜਿਸਟਿਕਸ ਰਾਹੀਂ ਹੋਣਾ ਚਾਹੀਦਾ ਹੈ | ਸਾਡੇ ਕਿਸਾਨ ਹਮੇਸ਼ਾ ਪ੍ਰਗਤੀਸ਼ੀਲ ਰਹੇ ਹਨ ਅਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਆਧੁਨਿਕ ਤਕਨਾਲੋਜੀ, ਬਿਹਤਰ ਮਾਰਕਿਟ ਅਤੇ ਨਵੇਂ ਕਾਰੋਬਾਰੀ ਮਾਡਲਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਇਹ ਸਟਾਰਟਅੱਪਜ਼ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਅਤੇ ਨੌਜਵਾਨਾਂ ਵਿਚ ਭਰੋਸਾ ਬਹਾਲ ਕਰਕੇ ਪੰਜਾਬ ਵਿਚ ਸਾਰਥਕ ਬਦਲਾਅ ਲਿਆਉਣ 'ਚ ਅਹਿਮ ਭੂਮਿਕਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਉੱਦਮੀ ਪੰਜਾਬ ਦਾ ਬ੍ਰਾਂਡ ਅੰਬੈਸਡਰ ਬਣੇ | ਤੁਸੀਂ ਜਿੱਥੇ ਵੀ ਜਾਓ, ਪੰਜਾਬ ਦਾ ਨਾਂਅ ਰੌਸ਼ਨ ਕਰੋ ਅਤੇ ਦੁਨੀਆ ਨੂੰ ਦੱਸੋ ਕਿ ਪੰਜਾਬ ਨਵੀਨਤਾ ਲਈ ਤਿਆਰ ਹੈ, ਪੰਜਾਬ ਸਟਾਰਟਅੱਪ ਲਈ ਤਿਆਰ ਹੈ ਅਤੇ ਪੰਜਾਬ ਭਵਿੱਖ ਲਈ ਤਿਆਰ ਹੈ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਪ੍ਰਬੰਧਕੀ ਸਕੱਤਰ ਉਦਯੋਗ ਤੇ ਵਣਜ ਗੁਰਕਿਰਤ ਕਿ੍ਪਾਲ ਸਿੰਘ, ਡਾਇਰੈਕਟਰ ਉਦਯੋਗ ਤੇ ਵਣਜ ਜਸਪ੍ਰੀਤ ਸਿੰਘ ਅਤੇ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਈਰਾਨ ਨੇ ਹੋਰਮੁਜ਼ ਨੇੜੇ ਸੁੱਟਿਆ ਅਮਰੀਕਾ ਦਾ ਅਪਾਚੇ ਹੈਲੀਕਾਪਟਰ-ਟਰੰਪ ਅਗਲੀ ਖ਼ਬਰ ਮੋਦੀ ਵਲੋਂ ਕੁਵੈਤ ਦੇ ਅਮੀਰ ਨਾਲ ਪੱਛਮੀ ਏਸ਼ੀਆ ਸਥਿਤੀ 'ਤੇ ਚਰਚਾ
Ad Position 24