11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦਿੱਲੀ ’ਚ ਪ੍ਰਦਰਸ਼ਨ ਜਾਰੀ, ਕਈ ਹਿਰਾਸਤ ’ਚ ਲਏ

ਦਿੱਲੀ ’ਚ ਪ੍ਰਦਰਸ਼ਨ ਜਾਰੀ, ਕਈ ਹਿਰਾਸਤ ’ਚ ਲਏ

Ad Position 21
No active advertisement
ਅਜੀਤ ਡੈਸਕ 12-10-2026

* 23 ਘੰਟੇ ਬਾਅਦ ਦਿਪਕੇ, ਦਾਸ ਤੇ ਰਾਂਕਾ ਰਿਹਾਅ * ਮੋਦੀ ਸਰਕਾਰ ਨੇ ‘ਖੁੱਲ੍ਹੀ ਐਮਰਜੈਂਸੀ’ ਵਰਗੇ ਬਣਾਏ ਹਾਲਾਤ-ਸੀ.ਜੇ.ਪੀ.
ਨਵੀਂ ਦਿੱਲੀ, 11 ਅਕਤੂਬਰ (ਜਗਤਾਰ ਸਿੰਘ)-ਰਾਜਧਾਨੀ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ‘ਕਾਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਵੱਲੋਂ ਸੱਦੇ ਗਏ ਪ੍ਰਦਰਸ਼ਨ ਦੇ ਦੂਜੇ ਦਿਨ, ਐਤਵਾਰ ਨੂੰ ਜੰਤਰ-ਮੰਤਰ ਵੱਲ ਮਾਰਚ ਕਰਦੇ ਤੇ ਨਾਅਰੇਬਾਜ਼ੀ ਕਰਦੇ ਹੋਏ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ, ਕਈਆਂ ਨੂੰ ਪੁਲਿਸ ਬੱਸਾਂ ’ਚ ਘਸੀਟ ਕੇ ਲਿਜਾਂਦੇ ਹੋਏ ਦੇਖਿਆ ਗਿਆ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਤੇ ਵੀਡੀਓਜ਼ ਅਨੁਸਾਰ ਕਈ ਪੱਤਰਕਾਰਾਂ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ, ਭਾਵੇਂ ਉਨ੍ਹਾਂ ਨੇ ਆਪਣੇ ਪ੍ਰੈਸ ਸ਼ਨਾਖਤੀ ਕਾਰਡ ਦਿਖਾਏ ਸਨ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਜਿਨ੍ਹਾਂ ਵਿਚ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ.), ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਤੇ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ.ਵਾਈ.ਐਸ.) ਸ਼ਾਮਲ ਹਨ, ਦੇ ਮੈਂਬਰਾਂ ਤੇ ਸੀ.ਜੇ.ਪੀ. ਸਮਰਥਕਾਂ ਨੂੰ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਕਨਾਟ ਪਲੇਸ ਤੋਂ ਜੰਤਰ-ਮੰਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਦੌਰਾਨ ਹਿਰਾਸਤ ਵਿਚ ਲਿਆ ਗਿਆ। ਹਿਰਾਸਤ ’ਚ ਲੈਣ ਦਾ ਸਿਲਸਿਲਾ ਸ਼ਾਮ ਤੱਕ ਜਾਰੀ ਰਿਹਾ ਤੇ ਸ਼ਾਮ 6:30 ਵਜੇ ਤੋਂ ਬਾਅਦ ਵੀ ਵੱਖ-ਵੱਖ ਥਾਵਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਚੁੱਕਿਆ ਗਿਆ। ਐਸ.ਐਫ.ਆਈ. ਨੇ ਦੋਸ਼ ਲਾਇਆ ਕਿ ਹਿਰਾਸਤ ’ਚ ਲਈਆਂ ਗਈਆਂ ਔਰਤਾਂ ਨੂੰ ਲਿਜਾਣ ਵਾਲੀਆਂ ਕਈ ਪੁਲਿਸ ਵੈਨਾਂ ਤੇ ਬੱਸਾਂ ਵਿਚ ਇਕ ਵੀ ਮਹਿਲਾ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ ਤੇ ਉਨ੍ਹਾਂ ਵਿਚ ਸਿਰਫ਼ ਪੁਰਸ਼ ਅਧਿਕਾਰੀ ਹੀ ਸਨ। ਆਰ.ਕੇ. ਆਸ਼ਰਮ ਮਾਰਗ ਮੈਟਰੋ ਸਟੇਸ਼ਨ ਤੋਂ ਮਾਰਚ ਕਰ ਰਹੇ ‘ਆਇਸਾ’ ਦੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਦੁਪਹਿਰ ਵੇਲੇ ਵਿਜੇ ਚੌਕ ਨੇੜੇ ‘ਆਇਸਾ’ ਦੀ ਪ੍ਰਧਾਨ ਨੇਹਾ ਬੋਰਾ ਨੂੰ ਹੋਰ ਪ੍ਰਦਰਸ਼ਨਕਾਰੀਆਂ ਸਮੇਤ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਸੂਤਰਾਂ ਅਨੁਸਾਰ, ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਸੀ.ਪੀ.ਆਈ. (ਐਮ) ਦੇ ਰਾਜ ਸਭਾ ਮੈਂਬਰ ਜੌਨ ਬ੍ਰਿਟਾਸ ਵੀ ਸ਼ਾਮਲ ਸਨ।
ਦਿਪਕੇ, ਦਾਸ ਤੇ ਰਾਂਕਾ ਦੀ 23 ਘੰਟੇ ਬਾਅਦ ਹੋਈ ਰਿਹਾਈ


ਕਾਕਰੋਚ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਅਭਿਜੀਤ ਦਿਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਦੀ ਇਕ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ। ਤਿੰਨਾਂ ਨੂੰ 23 ਘੰਟੇ ਦੀ ਹਿਰਾਸਤ ਤੋਂ ਬਾਅਦ ਐਤਵਾਰ ਸਵੇਰੇ 10 ਵਜੇ ਰਿਹਾਅ ਕੀਤਾ ਗਿਆ। ਤਿੰਨਾਂ ਨੂੰ ਦਿੱਲੀ ਕੈਂਟ ਪੁਲਿਸ ਸਟੇਸ਼ਨ ਦੇ ਕਾਰਜਕਾਰੀ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਦਿੱਲੀ ਦੀ ਐਗਜ਼ੀਕਿਊਟਿਵ ਮੈਜਿਸਟ੍ਰੇਟ ਅਦਾਲਤ ਨੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਇਸ ਸ਼ਰਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਕਿ ਉਹ ਅਗਲੇ ਇਕ ਸਾਲ ਤੱਕ ਸ਼ਾਂਤੀ ਬਣਾਈ ਰੱਖਣਗੇ ਤੇ ਕਿਸੇ ਵੀ ਕਿਸਮ ਦੀ ਅਮਨ-ਕਾਨੂੰਨ ਦੀ ਉਲੰਘਣਾ ਨਹੀਂ ਕਰਨਗੇ। ਇਸ ਦੇ ਨਾਲ ਹੀ 50,000 ਰੁਪਏ ਦਾ ਜ਼ਮਾਨਤੀ ਬਾਂਡ ਵੀ ਭਰਵਾਇਆ ਗਿਆ ਹੈ। ਇਨ੍ਹਾਂ ਤਿੰਨਾਂ ਆਗੂਆਂ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਉਸ ਸਮੇਂ ਫਲਾਈਟ ਦੇ ਅੰਦਰੋਂ ਹੀ ਹਿਰਾਸਤ ਵਿਚ ਲੈ ਲਿਆ ਸੀ, ਜਦੋਂ ਉਹ ਮੁੰਬਈ ਤੋਂ ਦਿੱਲੀ ਪਹੁੰਚੇ ਸਨ। ਦਿੱਲੀ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਾਵਧਾਨੀ ਵਜੋਂ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਇਨ੍ਹਾਂ ਆਗੂਆਂ ਤੋਂ ਇਲਾਵਾ, ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਹਜ਼ਾਰਾਂ ਹੋਰ ਪ੍ਰਦਰਸ਼ਨਕਾਰੀਆਂ ਨੂੰ ਵੀ ਪਹਿਲਾਂ ਹੀ ਰਿਹਾਅ ਕੀਤਾ ਜਾ ਚੁੱਕਾ ਹੈ। ਦਿਪਕੇ ਨੇ ਦਿੱਲੀ ਪੁਲਿਸ ਦੀ ਹਿਰਾਸਤ ਵਿਚੋਂ ਰਿਹਾਅ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਬੋਲਦਿਆਂ, ਉਨ੍ਹਾਂ ਨੂੰ ‘ਭਾਰਤ ਲਈ ਸ਼ਰਮਿੰਦਗੀ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਨੇ ਪਹਿਲਾਂ ਕਦੇ ਇੰਨਾ ਵੱਡਾ ਕਾਇਰ ਤੇ ਦੰਗਾਖੋਰ ਨਹੀਂ ਦੇਖਿਆ।
2000 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਪ੍ਰਭਾਵਿਤ-ਸੀ.ਟੀ.ਆਈ.


ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨੇ ਦਾਅਵਾ ਕੀਤਾ ਹੈ ਕਿ ਦਿੱਲੀ ’ਚ ਹੋਏ ਹਾਲੀਆ ਵਿਰੋਧ ਪ੍ਰਦਰਸ਼ਨਾਂ ਤੇ ਧਰਨਿਆਂ ਕਾਰਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਲਗਭਗ 2000 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸੀ.ਟੀ.ਆਈ. ਨੇ ਸਿਆਸੀ ਪਾਰਟੀਆਂ ਤੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਦਿਵਾਲੀ (ਤਿਉਹਾਰਾਂ ਦੇ ਸੀਜ਼ਨ) ਤੱਕ ਦਿੱਲੀ ਦੇ ਮੁੱਖ ਬਾਜ਼ਾਰਾਂ ਵਿਚ ਕੋਈ ਵੀ ਧਰਨਾ ਜਾਂ ਪ੍ਰਦਰਸ਼ਨ ਨਾ ਕੀਤਾ ਜਾਵੇ। ਸੀ.ਟੀ.ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਮੁਤਾਬਕ, ਦਿੱਲੀ ਦੇ ਜੰਤਰ-ਮੰਤਰ, ਕਨਾਟ ਪਲੇਸ ਅਤੇ ਸੈਂਟਰਲ ਦਿੱਲੀ ਦੇ ਹੋਰ ਇਲਾਕਿਆਂ ਵਿਚ ਹੋਏ ਪ੍ਰਦਰਸ਼ਨਾਂ ਕਾਰਨ ਪਿਛਲੇ ਕੁਝ ਦਿਨਾਂ ’ਚ ਦਿੱਲੀ ਦਾ ਕਾਰੋਬਾਰ ਆਮ ਦਿਨਾਂ ਦੇ ਮੁਕਾਬਲੇ ਘਟ ਕੇ ਸਿਰਫ਼ 30 ਫ਼ੀਸਦੀ ਰਹਿ ਗਿਆ ਹੈ। ਪ੍ਰਦਰਸ਼ਨਾਂ ਕਾਰਨ ਲਗਾਤਾਰ ਲੱਗ ਰਹੇ ਟਰੈਫ਼ਿਕ ਜਾਮ, ਸੜਕਾਂ ਦੇ ਬੰਦ ਹੋਣ ਤੇ ਦਿੱਲੀ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕੀਤੇ ਜਾਣ ਕਰਕੇ ਬਾਹਰੀ ਰਾਜਾਂ ਤੋਂ ਆਉਣ ਵਾਲੇ ਗਾਹਕਾਂ ਦੀ ਗਿਣਤੀ ਰੋਜ਼ਾਨਾ 2-3 ਲੱਖ ਤੋਂ ਘਟ ਕੇ ਸਿਰਫ਼ 40 ਤੋਂ 50 ਹਜ਼ਾਰ ਰਹਿ ਗਈ ਹੈ। ਇਸ ਤੋਂ ਇਲਾਵਾ ਸਥਾਨਕ ਗਾਹਕਾਂ ਦੀ ਆਮਦ ’ਚ ਵੀ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਇਸ ਮੰਦਹਾਲੀ ਕਾਰਨ ਦਿੱਲੀ ਦੇ ਲਗਭਗ 20 ਲੱਖ ਛੋਟੇ-ਵੱਡੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਰੁਜ਼ਗਾਰ ’ਤੇ ਸਿੱਧਾ ਅਸਰ ਪਿਆ ਹੈ।

Ad Position 22
No active advertisement
ਪਿਛਲੀ ਖ਼ਬਰ 2047 ਤੱਕ ਵਿਕਸਿਤ ਭਾਰਤ ਬਣਾਉਣ ਲਈ ਵੱਡੇ ਸੁਪਨੇ ਦੇਖਣ ਵਿਦਿਆਰਥੀ-ਮੋਦੀ ਅਗਲੀ ਖ਼ਬਰ ਨੌਸ਼ਹਿਰਾ ਪੰਨੂੰਆਂ ਵਿਖੇ ਏ.ਐਸ.ਆਈ. ਦੀ ਗੋਲੀਆਂ ਮਾਰ ਕੇ ਹੱਤਿਆ, ਡੋਨੀ ਬੱਲ ਗਰੁੱਪ ਨੇ ਲਈ ਜ਼ਿੰਮੇਵਾਰੀ
Ad Position 24