ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਸਮੇਤ 14 ਉਮੀਦਵਾਰ ਵੀਰਵਾਰ ਨੂੰ ਬਿਨਾਂ ਵਿਰੋਧ ਰਾਜ ਸਭਾ ਚੋਣ ਜਿੱਤ ਗਏ | ਇਨ੍ਹਾਂ ਦੇ ਅੱਗੇ ਕੋਈ ਵੀ ਹੋਰ ਉਮੀਦਵਾਰ ਨਹੀਂ ਖੜ੍ਹਾ ਸੀ | ਜਿੱਤਣ ਵਾਲੇ ਉਮੀਦਵਾਰਾਂ 'ਚ 10 ਭਾਜਪਾ ਦੇ ਅਤੇ 4 ਕਾਂਗਰਸ ਦੇ ਸ਼ਾਮਿਲ ਹਨ | ਕਰਨਾਟਕ ਤੋਂ ਬਿਨਾ ਵਿਰੋਧ ਚੁਣੇ ਗਏ ਉਮੀਦਵਾਰਾਂ 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ, ਕਾਂਗਰਸ ਦੇ ਸਕੱਤਰ ਮਨਸੂਰ ਅਲੀ ਖਾਨ, ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਮੁਖੀ ਪਵਨ ਖੇੜਾ ਅਤੇ ਭਾਜਪਾ ਦੇ ਐਮ. ਨਾਗਰਾਜਾ ਸ਼ਾਮਿਲ ਹਨ | ਗੁਜਰਾਤ ਤੋਂ ਭਾਜਪਾ ਦੇ ਚਾਰ ਉਮੀਦਵਾਰ ਰਾਜੂਬਾਈ ਸ਼ੁਕਲਾ, ਮਾਨਸਿੰਨ੍ਹ ਪਰਮਾਰ, ਮੁਕੇਸ਼ਭਾਈ ਰਾਠਵਾ ਤੇ ਜਤਿੰਦਰ ਕੰਜਾਰੀਆ, ਰਾਜਸਥਾਨ ਤੋਂ ਭਾਜਪਾ ਉਮੀਦਵਾਰ ਸਤੀਸ਼ ਪੂਨੀਆ ਤੇ ਅਲਕਾ ਗੁਰਜਰ ਅਤੇ ਕਾਂਗਰਸ ਦੇ ਨੀਰਜ ਡਾਂਗੀ, ਆਂਧਰਾ ਪ੍ਰਦੇਸ਼ ਤੋਂ ਐਨ.ਡੀ.ਏ. ਦੇ ਚਾਰ ਉਮੀਦਵਾਰ ਬਾਸ਼ਿਅਮ ਰਾਮਕ੍ਰਿਸ਼ਨਾ, ਲਿੰਗਾਮਾਨੇਨੀ ਰਮੇਸ਼, ਚਿੰਟਾਕਾਯਾਲਾ ਵਿਜੇ ਤੇ ਸਾਨਾ ਸਤੀਸ਼ ਬਾਬੂ ਅਤੇ ਅਰੁਣਾਚਲ ਪ੍ਰਦੇਸ਼ ਤੋਂ ਕੇਵਲ ਇਕ ਰਾਜ ਸਭਾ ਦੀ ਸੀਟ ਲਈ ਭਾਜਪਾ ਆਗੂ ਤਾਈ ਤਗਾਕ ਬਿਨਾਂ ਵਿਰੋਧ ਚੁਣੇ ਗਏ |
ਮੱਧ ਪ੍ਰਦੇਸ਼ ਦੀਆਂ ਤਿੰਨੋਂ ਸੀਟਾਂ ਭਾਜਪਾ ਦੇ ਖਾਤੇ 'ਚ
ਮੱਧ ਪ੍ਰਦੇਸ਼ 'ਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਦੇ ਸੀਨੀਅਰ ਨੇਤਾ ਤਰੁਣ ਚੁੱਘ ਬਿਨਾਂ ਵਿਰੋਧ ਚੋਣ ਜਿੱਤ ਗਏ ਹਨ | ਇਸ ਤੋਂ ਇਲਾਵਾ ਰਜਨੀਸ਼ ਅਗਰਵਾਲ ਨੇ ਵੀ ਮੱਧ ਪ੍ਰਦੇਸ਼ ਤੋਂ ਜਿੱਤ ਹਾਸਿਲ ਕੀਤੀ ਹੈ | ਹਾਲਾਂਕਿ ਮਹੇਸ਼ ਕੇਵਟ, ਭਾਜਪਾ ਦੇ ਤੀਜੇ ਉਮੀਦਵਾਰ ਦੀ ਜਿੱਤ ਵਿਵਾਦਾਂ 'ਚ ਘਿਰੀ ਨਜ਼ਰ ਆ ਰਹੀ ਹੈ | ਇਸ ਸੀਟ ਲਈ ਕਾਂਗਰਸ ਨੇ ਮੀਨਾਕਸ਼ੀ ਨਟਰਾਜਨ ਨੂੰ ਉਮੀਦਵਾਰ ਬਣਾਇਆ ਸੀ, ਪਰ ਰਿਟਰਨਿੰਗ ਅਧਿਕਾਰੀ ਨੇ 9 ਜੂਨ ਨੂੰ ਨਟਰਾਜਨ ਦਾ ਨਾਮਜ਼ਦਗੀ ਫਾਰਮ ਰੱਦ ਕਰ ਦਿੱਤਾ | ਕਾਂਗਰਸ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ ਦਾ ਰੁਖ਼ ਵੀ ਕੀਤਾ ਪਰ ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਲਈ ਟਾਲ ਦਿੱਤੀ ਹੈ | ਰਾਜ ਸਭਾ ਦੀਆਂ 26 ਖ਼ਾਲੀ ਹੋਈਆਂ ਸੀਟਾਂ 'ਚੋਂ 14 ਉਮੀਦਵਾਰਾਂ ਦੇ ਬਿਨਾਂ ਵਿਰੋਧ ਚੁਣੇ ਜਾਣ ਤੋਂ ਬਾਅਦ ਹੁਣ ਬਾਕੀ 12 ਸੀਟਾਂ ਲਈ 18 ਜੂਨ ਨੂੰ ਵੋਟਿੰਗ ਹੋਏਗੀ ਅਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਐਲਾਨੇ ਜਾਣਗੇ |
ਤਰੁਣ ਚੁੱਘ, ਖੜਗੇ, ਪਵਨ ਖੇੜਾ ਸਮੇਤ 14 ਉਮੀਦਵਾਰ ਬਿਨਾਂ ਵਿਰੋਧ ਰਾਜ ਸਭਾ ਮੈਂਬਰ ਬਣੇ
ਭੋਪਾਲ ਵਿਖੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਜਾਣ ਬਾਅਦ ਰਿਟਰਨਿੰਗ ਅਧਿਕਾਰੀ ਤੋਂ ਸਰਟੀਫ਼ਿਕੇਟ ਪ੍ਰਾਪਤ ਕਰਨ ਮੌਕੇ ਭਾਜਪਾ ਉਮੀਦਵਾਰ ਤਰੁਣ ਚੁੱਘ, ਰਜਨੀਸ਼ ਅਗਰਵਾਲ ਅਤੇ ਮਹੇਸ਼ ਕੇਵਟ | <br/>
12-06-2026