ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਵੀਰਵਾਰ ਨੂੰ ਕਿਸਾਨਾਂ, ਦੇਸ਼ 'ਚ ਚੱਲ ਰਹੇ ਆਰਥਿਕ ਸੰਕਟ, ਬੇਰੁਜ਼ਗਾਰੀ ਅਤੇ ਵਿਦਿਆਰਥੀਆਂ ਦੇ ਅਹਿਮ ਮੁੱਦਿਆਂ 'ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਇਕ ਰਾਸ਼ਟਰੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਕਾਂਗਰਸ ਨੇ ਕਿਹਾ ਕਿ ਇਸ ਮੁਹਿੰਮ ਦਾ ਪ੍ਰੋਗਰਾਮ 28 ਜੂਨ ਨੂੰ ਐਲਾਨਿਆ ਜਾ ਸਕਦਾ ਹੈ ਅਤੇ ਇਹ 3 ਮਹੀਨੇ ਤੱਕ ਚੱਲੇਗਾ | ਇਹ ਫ਼ੈਸਲਾ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਲਿਆ ਗਿਆ, ਜਿਸ 'ਚ ਕਾਂਗਰਸ ਦੇ ਜਨਰਲ ਸਕੱਤਰ, ਇੰਚਾਰਜ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਸ਼ਾਮਿਲ ਹੋਏ | ਕਾਂਗਰਸ ਦੀ ਬੈਠਕ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਾਂਗਰਸ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਵੀਰਵਾਰ ਨੂੰ ਜਨਰਲ ਸਕੱਤਰ, ਇੰਚਾਰਜ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਤਿੰਨ ਘੰਟੇ ਲੰਬੀ ਬੈਠਕ ਚੱਲੀ | ਵੇਣੂਗੋਪਾਲ ਨੇ ਕਿਹਾ ਕਿ ਇਸ ਵੱਡੇ ਦੇਸ਼-ਵਿਆਪੀ ਪ੍ਰਦਰਸ਼ਨ ਅਤੇ ਅੰਦੋਲਨ 'ਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ੁਦ ਜ਼ਮੀਨ 'ਤੇ ਉਤਰਨਗੇ ਅਤੇ ਜਨਤਾ ਵਿਚ ਜਾ ਕੇ ਉਨ੍ਹਾਂ ਦਾ ਦਰਦ ਸੁਣਨਗੇ | ਵੇਣੂਗੋਪਾਲ ਨੇ ਪੈਟਰੋਲ, ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ, ਐਮ.ਐਸ.ਐਮ.ਈ. ਸੈਕਟਰ ਦੀ ਬਰਬਾਦੀ, ਭਵਿੱਖ ਲਈ ਪ੍ਰੇਸ਼ਾਨ ਨੌਜਵਾਨ ਅਤੇ ਨਿਘਾਰ ਵੱਲ ਜਾਂਦੀ ਸਿੱਖਿਆ ਪ੍ਰਣਾਲੀ ਨੂੰ ਅਹਿਮ ਮੁੱਦੇ ਦੱਸਦਿਆਂ ਕਿਹਾ ਕਿ ਸਰਕਾਰ ਇਨ੍ਹਾਂ 'ਚੋਂ ਕਿਸੇ ਵੀ ਮੁੱਦੇ ਲਈ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਲੈ ਰਹੀ | ਉਨ੍ਹਾਂ ਸਵਾਲੀਆ ਅੰਦਾਜ਼ 'ਚ ਕਿਹਾ ਕਿ ਸਾਨੂੰ ਕਦੋਂ ਤੱਕ ਸਿੱਖਿਆ ਮੰਤਰੀ ਦਾ ਅਸਤੀਫ਼ਾ ਮੰਗਣਾ ਪਏਗਾ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਰਾਸ਼ਟਰੀ ਪੱਧਰ 'ਤੇ ਨਹੀਂ ਸਗੋਂ, ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਵੀ ਹੋਏਗੀ |
ਟੀ.ਐਮ.ਸੀ. ਅਤੇ ਕਾਂਗਰਸ ਦੇ ਰਲੇਵੇਂ ਦੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ
ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਨੇਤਾ ਜੈਰਾਮ ਰਮੇਸ਼ ਨੇ ਕਾਂਗਰਸ ਅਤੇ ਟੀ.ਐਮ.ਸੀ. ਦੇ ਰਲੇਵੇਂ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਆਧਾਰਹੀਣ ਕਰਾਰ ਦਿੱਤਾ | ਜੈਰਾਮ ਰਮੇਸ਼ ਨੇ ਹਲਕੇ ਅੰਦਾਜ਼ 'ਚ ਮੀਡੀਆ ਨੂੰ ਕਿਹਾ ਕਿ ਅਫ਼ਵਾਹਾਂ ਤੁਸੀਂ ਫ਼ੈਲਾਉਂਦੇ ਹੋ ਅਤੇ ਸਵਾਲ ਸਾਡੇ ਤੋਂ ਪੁੱਛਦੇ ਹੋ |
ਵਿਦਿਆਰਥੀ, ਕਿਸਾਨ ਅਤੇ ਮਹਿੰਗਾਈ ਨੂੰ ਲੈ ਕੇ ਭਾਜਪਾ ਖ਼ਿਲਾਫ਼ ਰਾਸ਼ਟਰੀ ਮੁਹਿੰਮ ਸ਼ੁਰੂ ਕਰੇਗੀ ਕਾਂਗਰਸ
ਅਜੀਤ ਡੈਸਕ
12-06-2026