ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਦੱਸਿਆ ਕਿ 18,000 ਤੋਂ ਵੱਧ ਭਾਰਤੀ ਮਲਾਹ ਖਾੜੀ ਖੇਤਰ 'ਚ ਮੌਜੂਦ ਹਨ, ਜਿਨ੍ਹਾਂ 'ਚ ਭਾਰਤੀ ਝੰਡੇ ਵਾਲੇ 13 ਜਹਾਜ਼ਾਂ 'ਤੇ ਸਵਾਰ 562 ਭਾਰਤੀ ਚਾਲਕ ਦਲ ਦੇ ਮੈਂਬਰ ਸ਼ਾਮਿਲ ਹਨ, ਜਦੋਂਕਿ ਬਾਕੀ 'ਸਟ੍ਰੇਟ ਆਫ਼ ਹੋਰਮੁਜ਼' ਦੇ ਪੱਛਮ 'ਚ 329 ਜਹਾਜ਼ਾਂ 'ਤੇ ਅਤੇ ਓਮਾਨ ਦੀ ਖਾੜੀ 'ਚ 233 ਜਹਾਜ਼ਾਂ 'ਤੇ ਸਵਾਰ ਹਨ | ਉਨ੍ਹਾਂ ਦੱਸਿਆ ਕਿ ਤਾਜ਼ਾ ਅਮਰੀਕੀ ਹਮਲੇ ਦਾ ਸ਼ਿਕਾਰ ਹੋਏ ਵਪਾਰਕ ਜਹਾਜ਼ ਜਲਵੀਰ ਤੋਂ ਸਾਰੇ 22 ਭਾਰਤੀ ਮਲਾਹਾਂ ਨੂੰ ਓਮਾਨ ਦੀ ਜਲ ਸੈਨਾ ਵਲੋਂ ਸੁਰੱਖਿਅਤ ਕੱਢ ਲਿਆ ਗਿਆ | ਉਨ੍ਹਾਂ ਦੱਸਿਆ ਕਿ ਸੈਟੇਬੇਲੋ ਤੋਂ ਵੀ ਸਾਰੇ 25 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ 'ਚ 21 ਭਾਰਤੀ, ਦੋ ਪਾਕਿਸਤਾਨੀ, ਇਕ ਰੂਸੀ ਅਤੇ ਇਕ ਯੂਕਰੇਨੀ ਨਾਗਰਿਕ ਸ਼ਾਮਿਲ ਹੈ, ਜਦੋਂਕਿ ਮੈਰੀਵੇਕਸ 'ਤੇ ਮੌਜੂਦ 24 ਭਾਰਤੀ ਮਲਾਹਾਂ ਨੂੰ ਵੀ ਓਮਾਨ ਦੀ ਫ਼ੌਜ ਨੇ ਸੁਰੱਖਿਆ ਬਚਾ ਲਿਆ ਸੀ | ਉਨ੍ਹਾਂ ਕਿਹਾ ਕਿ ਸੀਮਨ ਵੈਲਫੇਅਰ ਫੰਡ ਸੁਸਾਇਟੀ ਨੂੰ ਹਰੇਕ ਮਿ੍ਤਕ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ |