11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਲਖਨਊ ਵਿਖੇ ਕੋਚਿੰਗ ਸੈਂਟਰ ਨੂੰ ਲੱਗੀ ਅੱਗ-16 ਮੌਤਾਂ

Ad Position 21
No active advertisement
ਅਜੀਤ ਡੈਸਕ 23-06-2026

ਲਖਨਊ (ਯੂ.ਪੀ.), 22 ਜੂਨ (ਪੀ.ਟੀ.ਆਈ.)-ਅੱਜ ਦੁਪਹਿਰ ਸਮੇਂ ਉੱਤਰੀ ਲਖਨਊ ਦੇ ਰਿਹਾਇਸ਼ੀ ਖੇਤਰ ਵਿਚ ਇਕ ਤਿੰਨ ਮੰਜ਼ਿਲਾਂ ਵਪਾਰਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਇਮਾਰਤ ਦੇ ਅੰਦਰ ਫਸ ਗਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਕਰਮੀ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਕਈ ਲੋਕਾਂ ਨੇ ਇਮਾਰਤ ਤੋਂ ਛਾਲਾਂ ਮਾਰ ਦਿੱਤੀਆਂ, ਜਦਕਿ ਇਕ ਵਿਦਿਆਰਥੀ ਗਰਿੱਲ ’ਤੇ ਡਿੱਗ ਜਾਣ ਕਾਰਨ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਅੱਗ ਨੇ ਇਮਾਰਤ ਦੇ ਪੂਰੇ ਢਾਂਚੇ ਨੂੰ ਆਪਣੀ ਲਪੇਟ ਵਿਚ ਲੈ ਲਿਆ । ਇਸ ਇਮਾਰਤ ਵਿਚ ਇਕ ਪਾਲਤੂ ਜਾਨਵਰਾਂ ਦਾ ਕਲੀਨਿਕ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਕੋਚਿੰਗ ਸੈਂਟਰ ਵੀ ਚਲ ਰਿਹਾ ਸੀ, ਜਿਥੇ ਕਈ ਵਿਦਿਆਰਥੀ ਅੱਗ ਦੀ ਲਪੇਟ ਵਿਚ ਆ ਗਏ। ਅਲੀਗੰਜ ਖੇਤਰ ਦੇ ਊਸ਼ਾ ਮਹਿਤਾ ਮਾਰਗ ’ਤੇ ਸਥਿਤ ਇਮਾਰਤ ਨੂੰ ਦੁਪਹਿਰ 3 ਵਜੇ ਦੇ ਕਰੀਬ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਇਕ ਹਾਈਡ੍ਰੌਲਿਕ ਵਾਹਨ ਸਮੇਤ ਫਾਇਰ ਬਿ੍ਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਮਾਰਤ ਨੂੰ ਅੱਗ ਅਚਾਨਕ ਲੱਗੀ ਪਰ ਅਜੇ ਤੱਕ ਇਸ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਇਥੇ ਇਕ ਐਨੀਮੇਸ਼ਨ ਸੈਂਟਰ ਸੀ। ਹਾਲਾਂਕਿ ਘਟਨਾ ਬਾਰੇ ਤੁਰੰਤ ਕੋਈ ਸਪੱਸ਼ਟਤਾ ਨਹੀਂ ਹੈ, ਪਰ ਅਜਿਹਾ ਲੱਗਦਾ ਹੈ ਕਿ ਜਦੋਂ ਅੱਗ ਲੱਗੀ ਤਾਂ ਵਿਦਿਆਰਥੀ ਪਿੱਛੇ ਵੱਲ ਭੱਜ ਗਏ ਪਰ ਉਹ ਬਚ ਨਹੀਂ ਸਕੇ। ਹਾਲਾਂਕਿ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਜੋ ਕਿ ਮੌਕੇ ’ਤੇ ਮੌਜੂਦ ਹਨ ਨੇ ਕਿਹਾ ਕਿ ਮੈਂ ਆਪਣੀਆਂ ਅੱਖਾਂ ਨਾਲ 14 ਲਾਸ਼ਾਂ ਦੇਖੀਆਂ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦ ਪ੍ਰਗਟ ਕਰਦੇ ਹੋਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮਿ੍ਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਜਦਕਿ ਹਰੇਕ ਜ਼ਖ਼ਮੀ ਵਿਅਕਤੀ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣਾ ਅਲੀਗੜ੍ਹ ਦਾ ਦੌਰਾ ਵਿਚਾਲੇ ਛੱਡ ਕੇ ਤੁਰੰਤ ਲਖਨਊ ਵਾਪਸ ਪਰਤ ਆਏ ਹਨ। ਉਨ੍ਹਾਂ ਨੇ ਵੀ ਪੀਡ਼ਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਚਾਰ ਅਧਿਕਾਰੀ ਮੁਅੱਤਲ, ਐਸ.ਆਈ.ਟੀ. ਦਾ ਗਠਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਲਈ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਦਾ ਗਠਨ ਕੀਤਾ ਹੈ। ਇਹ ਫ਼ੈਸਲਾ ਹਾਦਸੇ ਤੋਂ ਬਾਅਦ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਯੋਗੀ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਲਾਪ੍ਰਵਾਹੀ ਦੇ ਦੋਸ਼ ਹੇਠ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ। ਐੱਸ.ਆਈ.ਟੀ ਵਿਚ ਸੈਰ-ਸਪਾਟਾ, ਸੱਭਿਆਚਾਰ ਅਤੇ ਧਾਰਮਿਕ ਮਾਮਲਿਆਂ ਦੇ ਵਧੀਕ ਮੁੱਖ ਸਕੱਤਰ ਅੰਮ੍ਰਿਤ ਅਭਿਜਾਤ ਅਤੇ ਲਖਨਊ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੂੰ ਸ਼ਮਿਲ ਕੀਤਾ ਗਿਆ ਹੈ। ਸਰਕਾਰ ਨੇ ਟੀਮ ਨੂੰ ਸੱਤ ਦਿਨਾਂ ਅੰਦਰ ਆਪਣੀ ਜਾਂਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਹੁਣ ਸਾਲਾਨਾ 5 ਫ਼ੀਸਦੀ ਤੋਂ ਵੱਧ ਫ਼ੀਸ ਨਹੀਂ ਵਧਾ ਸਕਣਗੇ ਨਿੱਜੀ ਸਕੂਲ-ਪੰਜਾਬ ਕੈਬਨਿਟ ਵਲੋਂ ਆਰਡੀਨੈਂਸ ਨੂੰ ਪ੍ਰਵਾਨਗੀ
Ad Position 24