12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਭਾਰਤ ਨੇ ਸ਼ਾਂਤੀਕਾਲ ’ਚ ਪਹਿਲੀ ਵਾਰ 12 ਪ੍ਰਮਾਣੂ ਹਥਿਆਰ ਕੀਤੇ ਤਾਇਨਾਤ

Ad Position 21
No active advertisement
ਅਜੀਤ ਡੈਸਕ 23-06-2026

ਹਰਜਿੰਦਰ ਸਿੰਘ ਲਾਲ
ਖੰਨਾ, 22 ਜੂਨ -ਭਾਵੇਂ ਭਾਰਤ ਨੇ 1974 ਵਿਚ ਪਹਿਲਾ ਐਟਮੀ ਧਮਾਕਾ ਕਰਨ ਤੋਂ ਬਾਅਦ 1998 ਵਿਚ ਪਹਿਲੀ ਵਾਰ ਪੋਖਰਨ- 2 ਐਟਮੀ ਧਮਾਕੇ ਵੇਲੇ ਆਪਣੇ-ਆਪ ਨੂੰ ਅਧਿਕਾਰਿਤ ਤੌਰ ’ਤੇ ਪ੍ਰਮਾਣੂ ਹਥਿਆਰ ਸੰਪੰਨ ਦੇਸ਼ ਐਲਾਨ ਦਿੱਤਾ ਸੀ। ਪਰ ਅਮਲੀ ਤੌਰ ’ਤੇ ਕਦੇ ਪ੍ਰਮਾਣੂ ਹਥਿਆਰ ਤਾਇਨਾਤ ਨਹੀਂ ਕੀਤੇ ਸਨ। ਹੁਣ ਨਿਰਪੱਖ ਸਵੀਡਿਸ਼ ਥਿੰਕ ਟੈਂਕ ‘ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ’ (ਸਿਪਰੀ) ਦੀ 2026 ਦੀ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਨੇ ਪਹਿਲੀ ਵਾਰ ਸ਼ਾਂਤੀਕਾਲ ਵਿਚ 12 ਪ੍ਰਮਾਣੂ ਵਾਰਹੈਡਾਂ (ਹਥਿਆਰਾਂ) ਨੂੰ ਅਮਲੀ ਤੌਰ ’ਤੇ ਤਾਇਨਾਤ ਕਰ ਦਿੱਤਾ ਹੈ। ਰਿਪੋਰਟ ਅਨੁਸਾਰ ਭਾਰਤ ਕੋਲ ਹੁਣ 190 ਪ੍ਰਮਾਣੂ ਹਥਿਆਰ ਹਨ, ਜੋ ਪਿਛਲੇ ਸਾਲ ਨਾਲੋਂ 10 ਜ਼ਿਆਦਾ ਹਨ। ਭਾਰਤ ਦੀ ਪਰਮਾਣੂ ਨੀਤੀ ’ਚ ਇਹ ਇਤਿਹਾਸਕ ਬਦਲਾਅ ਹੈ। ਇਸ ਤੋਂ ਪਹਿਲਾਂ ਭਾਰਤ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਇਸ ਨੂੰ ਚਲਾਉਣ ਲਈ ਮਿਜ਼ਾਈਲਾਂ ਆਦਿ ਨੂੰ ਵੱਖ-ਵੱਖ ਰੱਖ ਕੇ ‘ਡੀ-ਮੇਟਿਡ’ ਰਣਨੀਤੀ ਅਪਣਾਉਂਦਾ ਸੀ, ਜਿਸ ਅਧੀਨ ਪ੍ਰਮਾਣੂ ਹਥਿਆਰਾਂ ਨੂੰ ਚਲਾਉਣ ਵਾਲੀ ਕਿਸੇ ਵੀ ਮਿਜ਼ਾਈਲ ਜਾਂ ਜਹਾਜ਼ ’ਤੇ ਸਥਾਪਿਤ ਕਰਨ ’ਤੇ ਸਮਾਂ ਲੱਗਦਾ ਸੀ ਅਤੇ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਤੁਰੰਤ ਸੰਭਵ ਨਹੀਂ ਹੁੰਦੀ ਸੀ। ਪਰ ਹੁਣ ਭਾਰਤ ਨੇ ‘ਮੇਟਿਡ’ ਰਣਨੀਤੀ ਅਪਣਾਈ ਹੈ, ਜਿਸ ਨਾਲ 12 ਪ੍ਰਮਾਣੂ ਹਥਿਆਰ ਮਿੰਟਾ-ਸਕਿੰਟਾਂ ਵਿਚ ਚਲਾਏ ਜਾ ਸਕਦੇ ਹਨ। ਗੌਰਤਲਬ ਹੈ ਕਿ ਹੁਣ ਤੱਕ ਇਹ ਰਣਨੀਤੀ ਸਿਰਫ਼ ਅਮਰੀਕਾ, ਰੂਸ, ਚੀਨ ਵਰਗੀਆਂ ਵੱਡੀਆਂ ਤਾਕਤਾਂ ਨੇ ਹੀ ਅਪਣਾਈ ਸੀ। ਭਾਰਤ ਹੁਣ ਇਸ ਪ੍ਰਮਾਣੂ ਕਲੱਬ ਵਿਚ ਵੀ ਸ਼ਾਮਿਲ ਹੋ ਗਿਆ ਹੈ।
ਭਾਰਤ ਨੇ ‘ਤ੍ਰਿਆਦ’ (ਤਿੰਨ ਕੋਨੀ) ਪ੍ਰਮਾਣੂ ਸਮਰੱਥਾ ਹਾਸਿਲ ਕੀਤੀ
ਭਾਰਤ ਨੇ 2025 ’ਚ ਆਪਣਾ ਪ੍ਰਮਾਣੂ ਭੰਡਾਰ ਵਧਾਇਆ ਅਤੇ ਨਵੇਂ ਲਾਂਚ ਸਿਸਟਮਾਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਹੈ। ਇਨ੍ਹਾਂ ‘ਚ ਲੰਬੀ ਰੇਂਜ ਵਾਲੀਆਂ ਅਗਨੀ-5 ਮਿਜ਼ਾਈਲਾਂ ਵੀ ਸ਼ਾਮਿਲ ਹਨ, ਜੋ ਚੀਨ ਦੇ ਵੱਡੇ ਹਿੱਸਿਆਂ ਤੱਕ ਮਾਰ ਕਰ ਸਕਦੀਆਂ ਹਨ। ਭਾਰਤ ਨੇ ਨਿਊਕਲੀਅਰ ਟਰਾਈਡ (ਤ੍ਰਿਆਦ) ਭਾਵ ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਹਮਲਾ ਕਰਨ ਦੀ ਸਮਰੱਥਾ ਹਾਸਿਲ ਕਰ ਲਈ ਹੈ। ਹੁਣ ਭਾਰਤ ਦੀਆਂ ਪਣਡੁੱਬੀਆਂ ਸਮੁੰਦਰ ਵਿਚੋਂ ਕਿਤੋਂ ਵੀ ਤੇ ਕਿਤੇ ਵੀ ਪ੍ਰਮਾਣੂ ਹਮਲਾ ਕਰਨ ਦੇ ਸਮਰਥ ਹਨ। ਅਗਨੀ-5 ਮਿਜ਼ਾਈਲਾਂ ਜਿਨ੍ਹਾਂ ਦੀ ਦੀ ਰੇਂਜ 5,000 ਕਿੱਲੋਮੀਟਰ ਤੱਕ ਹੈ ਅਤੇ ਭਾਰਤ ਕੋਲ ਪ੍ਰਮਾਣੂ ਸਮਰੱਥ ਲੜਾਕੂ ਜਹਾਜ਼ ਵੀ ਹਨ। ਰਿਪੋਰਟ ਮੁਤਾਬਿਕ ਭਾਰਤ ‘ਕੈਨਿਸਟਰਾਈਜ਼ਡ’ ਮਿਜ਼ਾਈਲਾਂ ਉੱਤੇ ਵੀ ਕੰਮ ਕਰ ਰਿਹਾ ਹੈ, ਜਿਨ੍ਹਾਂ ਉਤੇ ਪ੍ਰਮਾਣੂ ਹਥਿਆਰ ਪਹਿਲਾਂ ਹੀ ਸਥਾਪਿਤ ਹੋ ਸਕਦਾ ਹੈ।
ਰਣਨੀਤਕ ਮਹੱਤਵ ਅਤੇ ਖੇਤਰੀ ਤਣਾਅ
ਮਾਹਿਰਾਂ ਅਨੁਸਾਰ ਇਸ ਪਿੱਛੇ ਮੁੱਖ ਤੌਰ ’ਤੇ ਚੀਨ ਅਤੇ ਪਾਕਿਸਤਾਨ ਨਾਲ ਵਧਦਾ ਤਣਾਅ ਹੈ। ਚੀਨ ਨਾਲ ਅਸਲ ਕੰਟਰੋਲ ਰੇਖਾ ’ਤੇ ਤਣਾਅ ਬਰਕਰਾਰ ਹੈ। ਪਾਕਿਸਤਾਨ ਵੀ ਆਪਣੀ ਮਿਜ਼ਾਈਲ ਅਤੇ ਪਣਡੁੱਬੀ ਤਾਕਤ ਵਧਾ ਰਿਹਾ ਹੈ। ਬੇਸ਼ੱਕ ਭਾਰਤ ਦੀ ਨੀਤੀ ਅਜੇ ਵੀ ‘ਪਹਿਲਾਂ ਪ੍ਰਮਾਣੂ ਹਥਿਆਰ ਦੀ ਵਰਤੋਂ ਨਹੀਂ’ ਬਰਕਰਾਰ ਹੈ, ਪਰ ਭਾਰਤ ਨੇ ਜੁਆਬੀ ਹਮਲਾ ਯਕੀਨੀ ਬਣਾਉਣ ਲਈ ਇਹ ਤਿਆਰੀਆਂ ਕੀਤੀਆਂ ਹਨ।
ਭਾਰਤ ਸਰਕਾਰ ਵਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ
ਗੌਰਤਲਬ ਹੈ ਕਿ ਸਵੀਡਨ ਦੀ ਇਸ ਸੰਸਥਾ ਦੀ ਰਿਪੋਰਟ ਉਪਰ ਭਾਰਤ ਸਰਕਾਰ ਵਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ, ਉਸ ਤਰ੍ਹਾਂ ਵੀ ਭਾਰਤ 2025 ’ਚ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਧ ਰੱਖਿਆ ਖ਼ਰਚ ਕਰਨ ਵਾਲਾ ਦੇਸ਼ ਬਣ ਗਿਆ ਹੈ।
ਵਿਸ਼ਵ ਪੱਧਰ ’ਤੇ ਵਧ ਰਿਹਾ ਹੈ ਪ੍ਰਮਾਣੂ ਤਣਾਅ
ਵਿਸ਼ਵ ਪੱਧਰ ’ਤੇ ਪ੍ਰਮਾਣੂ ਤਣਾਅ ਵਧ ਰਿਹਾ ਹੈ। ਰੂਸ-ਯੂਕਰੇਨ ਅਤੇ ਚੀਨ-ਤਾਈਵਾਨ ਵਰਗੀਆਂ ਸਥਿਤੀਆਂ ਕਾਰਨ ਦੁਨੀਆ ਭਰ ’ਚ ਪ੍ਰਮਾਣੂ ਹਥਿਆਰਾਂ ਦੀ ਅਹਿਮੀਅਤ ਅਤੇ ਹੋੜ ਵਧ ਗਈ ਹੈ। ਇਹ ਰਿਪੋਰਟ ਪ੍ਰਮਾਣੂ ਯੁੱਧ ਦੇ ਖ਼ਤਰੇ ’ਚ ਵਾਧੇ ਦੀ ਚਿਤਾਵਨੀ ਦਿੰਦੀ ਹੈ ਅਤੇ ਕਿਹਾ ਹੈ ਕਿ ਮਿਸਕੈਲਕੁਲੇਸ਼ਨ (ਗਲਤ ਗਣਨਾ) ਅਤੇ ਐਸਕਲੇਸ਼ਨ (ਵਾਧੇ) ਦਾ ਖ਼ਤਰਾ ਬਣ ਗਿਆ ਹੈ। ਮਾਹਿਰਾਂ ਅਨੁਸਾਰ ਭਾਰਤ ਦੀ ਰਣਨੀਤੀ ਵਿਚ ਤਬਦੀਲੀ ਨਾਲ ਉਸ ਦੀ ਮਜ਼ਬੂਤੀ ਵਧੀ ਹੈ ਅਤੇ ਇਹ ਆਪਣੇ ਗੁਆਂਢੀਆਂ ਨੂੰ ਸਪਸ਼ਟ ਸੰਦੇਸ਼ ਦਿੰਦੀ ਹੈ ਕਿ ਕੋਈ ਵੀ ਗਲਤ ਫ਼ੈਸਲਾ ਉਨ੍ਹਾਂ ਨੂੰ ਮਹਿੰਗਾ ਪੈ ਸਕਦਾ ਹੈ।
ਸਿਪਰੀ ਰਿਪੋਰਟ ਦੇ ਮੁੱਖ ਤੱਥ ਅਤੇ ਅੰਕੜੇ
ਰਿਪੋਰਟ ਮੁਤਾਬਿਕ ਜਨਵਰੀ 2026 ਤੱਕ ਦੁਨੀਆ ਭਰ ’ਚ 9 ਪ੍ਰਮਾਣੂ ਤਾਕਤਾਂ ਕੋਲ ਕੁੱਲ 12,187 ਪ੍ਰਮਾਣੂ ਬੰਬ ਹਨ। ਇਹ ਪਹਿਲੀ ਵਾਰ ਹੈ ਕਿ ਸਿਪਰੀ ਵਰਗੀ ਸੰਸਥਾ ਨੇ ਭਾਰਤ ਦੇ ਪ੍ਰਮਾਣੂ ਹਥਿਆਰਾਂ ਨੂੰ ਚੱਲਣ ਲਈ ਤਿਆਰ ਹਾਲਤ ਵਿਚ ਤਾਇਨਾਤ ਮੰਨਿਆ ਹੈ। ਪਾਕਿਸਤਾਨ ਕੋਲ 170 ਪ੍ਰਮਾਣੂ ਹਥਿਆਰ ਹਨ ਪਰ ਉਨ੍ਹਾਂ ਵਿਚੋਂ ਕੋਈ ਵੀ ਚੱਲਣ ਲਈ ਤਾਇਨਾਤ ਨਹੀਂ ਹੈ, ਜਦੋਂ ਕਿ ਭਾਰਤ ਦੇ ਗੁਆਂਢੀ ਚੀਨ ਕੋਲ 620 ਪ੍ਰਮਾਣੂ ਹਥਿਆਰ ਹਨ ਜਿਨ੍ਹਾਂ ਵਿਚੋਂ 34 ਤਾਇਨਾਤ ਹਨ। ਇਸ ਤੋਂ ਇਲਾਵਾ ਰੂਸ ਕੋਲ 5,420, ਅਮਰੀਕਾ ਕੋਲ 5277, ਫਰਾਂਸ ਕੋਲ 290, ਬ੍ਰਿਟੇਨ ਕੋਲ 225, ਇਜ਼ਰਾਈਲ ਕੋਲ 90 ਅਤੇ ਉੱਤਰੀ ਕੋਰੀਆ ਕੋਲ 50 ਦੇ ਕਰੀਬ ਪ੍ਰਮਾਣੂ ਹਥਿਆਰ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਸਨਅਤੀ ਮਾਣ ਮੁੜ ਬਹਾਲ ਕਰਾਂਗੇ-ਨਿਤਿਨ ਨਬੀਨ ਅਗਲੀ ਖ਼ਬਰ 10 ਸਾਲਾਂ ’ਚ ਬਰਤਾਨੀਆ 7ਵਾਂ ਪ੍ਰਧਾਨ ਮੰਤਰੀ ਵੇਖੇਗਾ
Ad Position 24