12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੰਜਾਬ ਦਾ ਸਨਅਤੀ ਮਾਣ ਮੁੜ ਬਹਾਲ ਕਰਾਂਗੇ-ਨਿਤਿਨ ਨਬੀਨ

Ad Position 21
No active advertisement
ਅਜੀਤ ਡੈਸਕ 23-06-2026

ਭੁਪਿੰਦਰ ਸਿੰਘ ਬੈਂਸ
ਲੁਧਿਆਣਾ, 22 ਜੂਨ -ਪੰਜਾਬ ਦੇ ਸਨਅਤੀ ਅਤੇ ਕਾਰੋਬਾਰੀ ਮਾਣ ਨੂੰ ਮੁੜ ਬਹਾਲ ਕਰਨਾ ਭਾਰਤੀ ਜਨਤਾ ਪਾਰਟੀ ਦਾ ਪੱਕਾ ਸੰਕਲਪ ਹੈ ਅਤੇ ਇਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸੂਬੇ ਵਿਚ ਸਨਅਤੀ ਵਿਕਾਸ ਅਤੇ ਨਿਵੇਸ਼ ਲਈ ਢੁਕਵਾਂ ਮਾਹੌਲ ਤਿਆਰ ਕੀਤਾ ਜਾਵੇਗਾ, ਤਾਂ ਜੋ ਸਨਅਤ ਅਤੇ ਕਿਸਾਨੀ ਦੋਵੇਂ ਇਕੱਠੇ ਤਰੱਕੀ ਦੇ ਰਾਹ ’ਤੇ ਅੱਗੇ ਵਧ ਸਕਣ। ਲੁਧਿਆਣਾ ਵਿਖੇ ਸਨਅਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ ਸਨਅਤ ਦੇ ਹਰ ਖੇਤਰ ਦੀਆਂ ਸਮੱਸਿਆਵਾਂ ਵੱਖਰੀਆਂ ਹਨ, ਪਰ ਉਨ੍ਹਾਂ ਦੇ ਹੱਲ ਲਈ ਸਰਕਾਰ ਦੀ ਸਾਫ਼ ਨੀਅਤ ਅਤੇ ਦ੍ਰਿੜ੍ਹ ਅਗਵਾਈ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮਾਮਲੇ ’ਤੇ ਸਪੱਸ਼ਟ ਹੈ, ਪਰ ਪੰਜਾਬ ਸਰਕਾਰ ਕੇਂਦਰ ਦੇ ਸਹਿਯੋਗ ਦਾ ਢੁਕਵਾਂ ਲਾਭ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ, ਜਦੋਂ ਪੰਜਾਬ ਖੇਤੀ ਅਤੇ ਸਨਅਤ ਦੋਵੇਂ ਖੇਤਰਾਂ ਵਿਚ ਵਿਲੱਖਣ ਪਛਾਣ ਰੱਖਦਾ ਸੀ। ਪੰਜਾਬ ਦਾ ਸਨਅਤੀ ਮਾਣ ਅਤੇ ਵਿਰਸਾ ਬੇਹੱਦ ਮਜ਼ਬੂਤ ਰਿਹਾ ਹੈ, ਪਰ ਅੱਜ ਉਸ ਦਾ ਕਮਜ਼ੋਰ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਗੱਲਬਾਤ ਨਾਲ ਹੀ ਤਰੱਕੀ ਦਾ ਰਾਹ ਨਿਕਲਦਾ ਹੈ, ਪਰ ਜੇ ਕੋਈ ਸਰਕਾਰ ਹਰ ਸੁਝਾਅ ਨੂੰ ਨਾਕਾਰਾਤਮਿਕ ਨਜ਼ਰੀਏ ਨਾਲ ਵੇਖੇ ਤਾਂ ਵਿਕਾਸ ਸੰਭਵ ਨਹੀਂ। ਨਿਤਿਨ ਨਬੀਨ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਜਦੋਂ ਉਹ ਬਿਹਾਰ ਵਿਚ ਮੰਤਰੀ ਸਨ। ਉਨ੍ਹਾਂ ਨੇ ਖ਼ੁਦ ਦੇਖਿਆ ਕਿ ਪੰਜਾਬ ਤੋਂ ਕਈ ਸਨਅਤਾਂ ਹੋਰ ਸੂਬਿਆਂ ਵੱਲ ਰੁਖ਼ ਕਰ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਾ ਤਾਂ ਸਨਅਤਾਂ ਲਈ ਢੁਕਵਾਂ ਮਾਹੌਲ ਹੈ ਅਤੇ ਨਾ ਹੀ ਢੁਕਵਾਂ ਸਹਾਇਕ ਢਾਂਚਾ, ਜਦ ਤੱਕ ਪ੍ਰਭਾਵਸ਼ਾਲੀ ਸਨਅਤੀ ਨੀਤੀ, ਮਜ਼ਬੂਤ ਅਮਨ ਕਾਨੂੰਨ ਅਤੇ ਚੰਗਾ ਰਾਜ ਨਹੀਂ ਹੋਵੇਗਾ, ਤਦ ਤੱਕ ਸਨਅਤ ਤਰੱਕੀ ਨਹੀਂ ਕਰ ਸਕੇਗੀ। ਇਸ ਮੌਕੇ ਸਨਅਤਕਾਰਾਂ ਨੇ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਗੈਂਗਸਟਰਵਾਦ, ਰੰਗਦਾਰੀ ਅਤੇ ਅਸੁਰੱਖਿਆ ਦੇ ਮਾਹੌਲ ਨੂੰ ਸਨਅਤ ਲਈ ਵੱਡੀ ਚੁਨੌਤੀ ਦੱਸਿਆ ਗਿਆ। ਮੰਡੀ ਗੋਬਿੰਦਗੜ੍ਹ ਦੇ ਸਨਅਤਕਾਰਾਂ ਨੇ ਦੱਸਿਆ ਕਿ ਲੋਹਾ ਰੀਸਾਇਕਲਿੰਗ ਖੇਤਰ ਵਿਚ ਜਾਅਲੀ ਜੀ.ਐਸ.ਟੀ. ਬਿੱਲਾਂ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਰੀਬ ਦੋ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਪਰ ਇਸ ਮਾਮਲੇ ਵਿਚ ਸੁਣਵਾਈ ਨਹੀਂ ਹੋ ਰਹੀ। ਸਾਈਕਲ ਸਨਅਤ ਦੇ ਨੁਮਾਇੰਦਿਆਂ ਨੇ ਕਿਹਾ ਕਿ ਚੀਨ ਹਰ ਸਾਲ ਕਰੀਬ 30 ਕਰੋੜ ਸਾਈਕਲਾਂ ਤਿਆਰ ਕਰਦਾ ਹੈ, ਜਦਕਿ ਭਾਰਤ ਵਿਚ ਇਹ ਗਿਣਤੀ ਕੇਵਲ 3 ਕਰੋੜ ਹੈ। ਉਨ੍ਹਾਂ ਇਸ ਖੇਤਰ ਲਈ ਨਵੇਂ ਸਿਰੇ ਤੋਂ ਯੋਜਨਾਬੰਦੀ ਦੀ ਮਹੱਤਤਾ ਦਰਸਾਈ। ਐਗਰੋ-ਕੰਬਾਈਨ ਸਨਅਤ ਨੇ ਕੰਬਾਈਨਾਂ ਦੀ ਮਨਜ਼ੂਰੀ ਲਈ ਸਮਾਂ-ਸੀਮਾ ਘਟਾਉਣ ਦੀ ਮੰਗ ਕੀਤੀ। ਰਾਈਸ ਮਿੱਲਰਾਂ ਨੇ ਅਮਰੀਕਾ-ਈਰਾਨ ਟਕਰਾਅ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਲਾਗਤ ਵਧਣ ਦਾ ਮੁੱਦਾ ਚੁੱਕਿਆ ਅਤੇ ਬਾਸਮਤੀ ਦੀ ਬਾਹਰਲੇ ਦੇਸ਼ਾਂ ਵਿਚ ਵਿਕਰੀ ਲਈ ਸਹਾਇਤਾ ਰਾਸ਼ੀ ਦੀ ਮੰਗ ਕੀਤੀ। ਨਟ-ਬੋਲਟ ਸਨਅਤ ਨਾਲ ਜੁੜੇ ਨੁਮਾਇੰਦਿਆਂ ਨੇ ਲਾਇਸੈਂਸ ਫ਼ੀਸ ਨੂੰ ਬੇਹੱਦ ਮਹਿੰਗਾ ਦੱਸਦਿਆਂ ਇਸ ਵਿਚ ਕਮੀ ਕਰਨ ਦੀ ਮੰਗ ਕੀਤੀ। ਸਨਅਤਕਾਰਾਂ ਨੇ ਕਿਹਾ ਕਿ ਪੰਜਾਬ ਵਿਚ ਡਬਲ ਇੰਜਣ ਸਰਕਾਰ ਦੀ ਲੋੜ ਹੈ, ਤਾਂ ਜੋ ਸੂਬੇ ਨੂੰ ਕੇਂਦਰੀ ਯੋਜਨਾਵਾਂ ਦਾ ਪੂਰਾ ਲਾਭ ਮਿਲ ਸਕੇ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਰਾਜ ਸਭਾ ਮੈਂਬਰ ਵਿਕਰਮ ਸਾਹਨੀ, ਰਜਿੰਦਰ ਗੁਪਤਾ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਉੱਤਰਾਖੰਡ ’ਚ ਨਿਹੰਗ ਸਿੰਘਾਂ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਜਾਰੀ-ਫ਼ੌਜ ਤਾਇਨਾਤ ਅਗਲੀ ਖ਼ਬਰ ਭਾਰਤ ਨੇ ਸ਼ਾਂਤੀਕਾਲ ’ਚ ਪਹਿਲੀ ਵਾਰ 12 ਪ੍ਰਮਾਣੂ ਹਥਿਆਰ ਕੀਤੇ ਤਾਇਨਾਤ
Ad Position 24