12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅਮਰੀਕਾ-ਈਰਾਨ ਵਿਚਾਲੇ ਪਹਿਲੀ ਉੱਚ-ਪੱਧਰੀ ਗੱਲਬਾਤ ਸਮਾਪਤ

Ad Position 21
No active advertisement
ਅਜੀਤ ਡੈਸਕ 23-06-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 22 ਜੂਨ -ਅਮਰੀਕਾ ਅਤੇ ਈਰਾਨ ਸਵਿਟਜ਼ਰਲੈਂਡ ‘ਚ ਮੈਰਾਥਨ ਗੱਲਬਾਤ ਤੋਂ ਬਾਅਦ 60 ਦਿਨਾਂ ਦੇ ਅੰਦਰ ਵਿਆਪਕ ਸ਼ਾਂਤੀ ਸਮਝੌਤੇ ’ਤੇ ਪਹੁੰਚਣ ਲਈ ਇਕ ਢਾਂਚਾਗਤ ਰੋਡਮੈਪ ’ਤੇ ਸਹਿਮਤ ਹੋਏ ਹਨ। ਇਸਲਾਮਾਬਾਦ ਐੱਮ. �. ਯੂ. ਫਰੇਮਵਰਕ ਤਹਿਤ ਪਹਿਲੇ ਉੱਚ-ਪੱਧਰੀ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਵਿਚੋਲੇ ਪਾਕਿਸਤਾਨ ਅਤੇ ਕਤਰ ਦੁਆਰਾ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਇਸ ਸਫਲਤਾ ਦਾ ਐਲਾਨ ਕੀਤਾ ਗਿਆ। ਗੱਲਬਾਤ ਸਵਿਸ ਰਿਜ਼ੋਰਟ ਬਰਗੇਨਸਟੌਕ (ਲੇਕ ਲੂਸਰਨ ਸੰਮੇਲਨ) ‘ਚ ਹੋਈ, ਜਿਥੇ ਅਮਰੀਕਾ, ਈਰਾਨ, ਪਾਕਿ ਅਤੇ ਕਤਰ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਪਾਕਿਸਤਾਨੀ ਵਫ਼ਦ ’ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਅਤੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਆਦਿ ਸ਼ਾਮਿਲ ਹਨ। ਉਨ੍ਹਾਂ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ, ਜੈਰੇਡ ਕੁਸ਼ਨਰ ਅਤੇ ਈਰਾਨੀ ਵਫ਼ਦ ਦੇ ਮੁਖੀ ਮੁਹੰਮਦ ਬਾਘੇਰ ਗਾਲਿਬਾਫ ਅਤੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਪਾਕਿ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਸ਼ਾਂਤੀ ਸਮਝੌਤੇ ਲਈ ਚਰਚਾ ਸਕਾਰਾਤਕ ਅਤੇ ਰਚਨਾਤਮਿਕ ਮਾਹੌਲ ’ਚ ਕੀਤੀ ਗਈ। ਇਸ ਦੌਰਾਨ ਦੋਵਾਂ ਧਿਰਾਂ ਨੇ ਲਾਗੂ ਕਰਨ ਵਿਧੀਆਂ ’ਤੇ ਅੱਗੇ ਵਧਣ ਦੀ ਇੱਛਾ ਵਿਖਾਈ। ਇਸ ਹਫ਼ਤੇ ਦੇ ਸ਼ੁਰੂ ’ਚ ਇਸਲਾਮਾਬਾਦ ਸਮਝੌਤੇ ’ਤੇ ਦਸਤਖ਼ਤ ਕਰਨ ਤੋਂ ਬਾਅਦ ਅਮਰੀਕਾ ਈਰਾਨ ਵਿਚਕਾਰ ਇਹ ਪਹਿਲੀ ਵੱਡੀ ਮੀਟਿੰਗ ਹੈ। ਪਾਕਿ ਅਤੇ ਕਤਰ ਨੇ ਉਮੀਦ ਜਤਾਈ ਹੈ ਕਿ ਸਵਿਟਜ਼ਰਲੈਂਡ ਦੇ ਬਰਗੇਨਸਟੌਕ ਰਿਜ਼ੋਰਟ ’ਚ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਹਫ਼ਤੇ ਦੇ ਬਾਕੀ ਸਮੇਂ ਲਈ ਤਕਨੀਕੀ ਪੱਧਰ ਦੀ ਚਰਚਾ ਜਾਰੀ ਰਹੇਗੀ। ਵਿਚੋਲਗੀ ਕਰਨ ਵਾਲੇ ਦੋਵਾਂ ਮੁਲਕਾਂ ਨੇ ਕਿਹਾ ਕਿ ਉਹ ਗੱਲਬਾਤ ਨੂੰ ਸਕਾਰਾਤਮਕ ਅਤੇ ਰਚਨਾਤਮਿਕ ਮਾਹੌਲ ’ਚ ਅੱਗੇ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ। ਪਾਕਿ ਨੇ ਕਿਹਾ ਕਿ ਰਾਜਨੀਤਿਕ ਤੌਰ ’ਤੇ ਪ੍ਰਕਿਰਿਆ ਦੀ ਨਿਗਰਾਨੀ ਲਈ ਇਕ ਉੱਚ-ਪੱਧਰੀ ਕਮੇਟੀ ਸਥਾਪਿਤ ਕੀਤੀ ਗਈ ਹੈ। ਮੁੱਖ ਵਾਰਤਾਕਾਰ ਇਸ ਕਮੇਟੀ ਨੂੰ ਨਿਯਮਿਤ ਤੌਰ ’ਤੇ ਰਿਪੋਰਟ ਕਰਨਗੇ ਅਤੇ ਤਕਨੀਕੀ ਕਾਰਜ ਸਮੂਹਾਂ ਦਾ ਮਾਰਗਦਰਸ਼ਨ ਕਰਨਗੇ। ਇਹ ਸਮੂਹ ਪ੍ਰਮਾਣੂ-ਸੰਬੰਧੀ ਮੁੱਦੇ, ਪਾਬੰਦੀਆਂ ਦੇ ਢਾਂਚੇ, ਨਿਗਰਾਨੀ ਅਤੇ ਵਿਵਾਦ ਨਿਪਟਾਰਾ ਵਿਧੀਆਂ ਸਮੇਤ ਐੱਮ.ਓ. ਯੂ. ਨੂੰ ਲਾਗੂ ਕਰਨ ’ਤੇ ਧਿਆਨ ਕੇਂਦਰਿਤ ਕਰਨਗੇ। ਪਾਕਿ ਅਧਿਕਾਰੀਆਂ ਨੇ ਕਿਹਾ ਕਿ ਇਹ ਢਾਂਚਾ ਨਿਰੰਤਰ ਕੂਟਨੀਤਕ ਸ਼ਮੂਲੀਅਤ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਪਾਕਿ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਅਗਲੇ 60 ਦਿਨਾਂ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਸਿੱਧਾ ਸੰਚਾਰ ਚੈਨਲ ਸਥਾਪਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਗ਼ਲਤਫ਼ਹਿਮੀਆਂ ਨੂੰ ਰੋਕਣਾ ਅਤੇ ਮਹੱਤਵਪੂਰਨ ਕੌਮਾਂਤਰੀ ਸ਼ਿਪਿੰਗ ਮਾਰਗ ਹੋਰਮੁਜ਼ ਜਲਡਮਰੂ ਰਾਹੀਂ ਵਪਾਰਕ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣਾ ਹੈ। ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਗੱਲਬਾਤ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਵੱਲ ਵਧੇਗੀ, ਜਦਕਿ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਨੇ ਇਸ ਮੀਟਿੰਗ ਨੂੰ ਇਤਿਹਾਸਕ ਦੱਸਦਿਆਂ ਜ਼ੋਰ ਦੇ ਕੇ ਕਿਹਾ ਕਿ ਸ਼ਾਂਤੀ ਲਈ ਕੁਝ ਦੇਣ ਅਤੇ ਕੁਝ ਲੈਣ ਦੀ ਲੋੜ ਹੁੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਲੰਘੇ ਦਿਨ ਸਵਿਟਜ਼ਰਲੈਂਡ ’ਚ ਮੱਧ ਪੂਰਬ ਦੇ ਟਕਰਾਅ ਨੂੰ ਖ਼ਤਮ ਕਰਨ ਲਈ ਸਮਝੌਤੇ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਅਮਰੀਕਾ, ਈਰਾਨ, ਪਾਕਿਸਤਾਨ ਅਤੇ ਕਤਰ ਵਿਚਕਾਰ ਸ਼ੁਰੂ ਹੋਈ ਚਤੁਰਭੁਜ ਮੀਟਿੰਗ ’ਚ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਵੀ ਮੌਜੂਦ ਸਨ। ਇਸ ਦੌਰਾਨ ਵਿਚੋਲਗੀ ਕਰਨ ਵਾਲੇ ਦੇਸ਼ਾਂ ਪਾਕਿਸਤਾਨ ਅਤੇ ਕਤਰ ਨੇ ਪੁਸ਼ਟੀ ਕੀਤੀ ਕਿ ਉਹ ਪ੍ਰਕਿਰਿਆ ਦੀ ਨਿਗਰਾਨੀ ਅਤੇ ਸਮਰਥਨ ਕਰਨਾ ਜਾਰੀ ਰੱਖਣਗੇ। ਉਹ ਇਹ ਯਕੀਨੀ ਬਣਾਉਣਗੇ ਕਿ ਗੱਲਬਾਤ ਰਚਨਾਤਮਿਕ ਰਹੇ ਅਤੇ ਅੰਤਿਮ ਸਮਝੌਤੇ ’ਤੇ ਪਹੁੰਚਣ ’ਤੇ ਕੇਂਦ੍ਰਿਤ ਰਹੇ। ਦੋਵੇਂ ਵਿਚੋਲੇ ਦੇਸ਼ਾਂ ਨੇ ਗੱਲਬਾਤ ਦਾ ਸਮਰਥਨ ਕਰਨ ਵਾਲੇ ਹੋਰ ਦੋਸਤ ਦੇਸ਼ਾਂ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ। ਇਸ ਤੋਂ ਪਹਿਲਾਂ ਇਕ ਅਮਰੀਕੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮੀਟਿੰਗ ਦੌਰਾਨ ਪ੍ਰਮਾਣੂ ਸਮਝੌਤੇ ਦੇ ਸਾਰੇ ਤੱਤਾਂ ’ਤੇ ਮਜ਼ਬੂਤ ਚਰਚਾ ਹੋਈ, ਜਿਨ੍ਹਾਂ ’ਚ ਪਾਬੰਦੀਆਂ ਅਤੇ ਖੇਤਰੀ ਸੁਰੱਖਿਆ ਚਿੰਤਾਵਾਂ ਸ਼ਾਮਿਲ ਹਨ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਈਰਾਨ ਨੇ ਤੇਲ ਅਤੇ ਪੈਟਰੋ ਕੈਮੀਕਲ ਨਿਰਯਾਤ ਛੋਟ, ਫ਼੍ਰੀਜ ਹੋਈਆਂ ਸੰਪਤੀਆਂ ਦੀ ਅੰਸ਼ਿਕ ਰਿਹਾਈ ਅਤੇ ਪੁਨਰ ਨਿਰਮਾਣ ਅਤੇ ਵਿਕਾਸ ਯੋਜਨਾਬੰਦੀ ਵੱਲ ਕਦਮ ਚੁੱਕੇ ਹਨ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਖੇਤਰੀ ਪ੍ਰਾਕਸੀ ਸਮੂਹਾਂ ਨੂੰ ਕੰਟਰੋਲ ਕਰਨ ਦੀ ਅਪੀਲ ਕਰਦੇ ਹੋਏ ਸਖ਼ਤ ਬਿਆਨ ਵੀ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤਣਾਅ ਵਧਦਾ ਹੈ ਤਾਂ ਸੰਭਾਵੀ ਫ਼ੌਜੀ ਕਾਰਵਾਈ ਤੈਅ ਹੈ। ਇਸ ’ਤੇ ਈਰਾਨੀ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਗੱਲਬਾਤ ਸ਼ਕਤੀ ਅਤੇ ਧਮਕੀਆਂ ਨਾਲ ਕੀਤੀ ਜਾ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ਬਾਹਰੀ ਦਬਾਅ ਦੀਆਂ ਰਣਨੀਤੀਆਂ ਦੱਸਿਆ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਮੁਤਾਬਿਕ ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਨੇ ਚਤੁਰਭੁਜ ਗੱਲਬਾਤ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਕਤਰ ਅਤੇ ਪਾਕਿ ਦੀਆਂ ਗੱਲਬਾਤ ਨੂੰ ਜਾਰੀ ਰੱਖਣ ਦੀਆਂ ਕੋਸ਼ਿਸ਼ਾਂ ਨਾਲ ਵਿਵਾਦ ਟਲ ਗਿਆ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਪਾਕਿ ਅਤੇ ਕਤਰ ਦੀ ਕੂਟਨੀਤਕ ਵਿਚੋਲਗੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਦੋਵਾਂ ਮੁਲਕਾਂ ਦੁਆਰਾ ਅਣਥੱਕ ਵਿਚੋਲਗੀ ਦੇ ਯਤਨਾਂ ਨੇ ਮਹੱਤਵਪੂਰਨ ਸਫਲਤਾਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੇ ਨਤੀਜੇ ਵਜੋਂ ਲਿਬਨਾਨ ਯੁੱਧ ਨੂੰ ਖ਼ਤਮ ਕਰਨ ਲਈ ਵੱਡੀ ਪ੍ਰਗਤੀ ਹੋਈ ਹੈ।ਇਸਮਾਈਲ ਬਾਘਾਈ ਨੇ ਕਿਹਾ ਕਿ ਸਵਿਟਜ਼ਰਲੈਂਡ ’ਚ ਅਮਰੀਕਾ-ਈਰਾਨ ਗੱਲਬਾਤ ‘ਚ ਈਰਾਨੀ ਵਫ਼ਦ ਦਾ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਟੀਮਾਂ ਹੁਣ ਸਮਝੌਤੇ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨਾਲ ਸੰਬੰਧਿਤ ਮੁੱਦਿਆਂ ’ਤੇ ਹੋਰ ਚਰਚਾ ’ਚ ਸ਼ਾਮਿਲ ਹੋਣਗੀਆਂ।

Ad Position 22
No active advertisement
ਪਿਛਲੀ ਖ਼ਬਰ ਬਿਹਾਰ ’ਚ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ’ਚ ਗੜਬੜੀ ਦੇ ਦੋਸ਼ ’ਚ 28 ਗ੍ਰਿਫ਼ਤਾਰ ਅਗਲੀ ਖ਼ਬਰ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੱਗੇਗਾ ਥੋੜ੍ਹਾ ਸਮਾਂ-ਪਿਊੂਸ਼ ਗੋਇਲ
Ad Position 24