ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਟਾਰਮਰ ਦੇ ਅਸਤੀਫ਼ੇ ਦੇ ਨਾਲ ਹੀ ਅਗਲੇ ਪ੍ਰਧਾਨ ਮੰਤਰੀ ਦੀ ਦੌੜ ਬਹੁਤ ਦਿਲਚਸਪ ਹੋ ਗਈ ਹੈ। ਹਾਲ ਹੀ ’ਚ ਮੇਕਰਫੀਲਡ ਦੀ ਉਪ-ਚੋਣ ਜਿੱਤਣ ਤੋਂ ਬਾਅਦ, ਮਾਨਚੈਸਟਰ ਦੇ ਸਾਬਕਾ ਮੇਅਰ ਐਂਡੀ ਬਰਨਹਮ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਵੱਡੇ ਦਾਅਵੇਦਾਰ ਵਜੋਂ ਸਾਹਮਣੇ ਹੋਣਗੇ । ਸਿਆਸੀ ਮਾਹਿਰਾਂ ਅਤੇ ਲੇਬਰ ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ, ਬਰਨਹਮ ਨੂੰ ਸਟਾਰਮਰ ਦੀ ਜਗ੍ਹਾ ਲੈਣ ਲਈ ਸਭ ਤੋਂ ਮਜ਼ਬੂਤ ਅਤੇ ਸ਼ਾਇਦ ਇਕਲੌਤਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਪਾਰਟੀ ਅੰਦਰ ਚਰਚਾ ਇਹ ਵੀ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਲਗਭਗ ਮਾਹੌਲ ਇਕ “ਤਾਜਪੋਸ਼ੀ” ਵਰਗਾ ਹੀ ਹੈ, ਜਿਸ ’ਚ ਬਰਨਹਮ ਬਿਨਾਂ ਕਿਸੇ ਵੱਡੇ ਮੁਕਾਬਲੇ ਦੇ ਸਿੱਧੇ ਨੇਤਾ ਚੁਣੇ ਜਾ ਸਕਦੇ ਹਨ। ਜਿਥੇ ਸਰਕਾਰੀ ਟਾਈਮਟੇਬਲ (ਸਮਾਂ ਸਾਰਣੀ) ਮੁਤਾਬਿਕ ਸਤੰਬਰ ਦੇ ਅਖੀਰ ‘ਚ ਲੇਬਰ ਪਾਰਟੀ ਦੀ ਸਾਲਾਨਾ ਕਾਨਫ਼ਰੰਸ ਦੇ ਆਸ-ਪਾਸ ਨਵੇਂ ਨੇਤਾ ਵਲੋਂ ਕਮਾਨ ਸੰਭਾਲਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਐਂਡੀ ਬਰਨਹਮ ਦੇ ਕੁਝ ਕੱਟੜ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਪ੍ਰਕਿਰਿਆ ਬਹੁਤ ਹੌਲੀ ਹੈ । ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਮਰਥਕ ਚਾਹੁੰਦੇ ਹਨ ਕਿ ਸੱਤਾ ਦੀ ਤਬਦੀਲੀ ਹੋਰ ਤੇਜ਼ੀ ਨਾਲ ਕੀਤੀ ਜਾਵੇ ਤਾਂ ਜੋ ਸਰਕਾਰ ਦੇ ਕੰਮਾਂ ’ਚ ਕੋਈ ਖੜੋਤ ਨਾ ਆਵੇ । ਸਰ ਕੀਰ ਸਟਾਰਮਰ ਦੇ ਇਸ ਵੱਡੇ ਕਦਮ ਨੇ ਬਰਤਾਨੀਆ ਦੀ ਰਾਜਨੀਤੀ ’ਚ ਹਲਚਲ ਮਚਾ ਦਿੱਤੀ ਹੈ ਅਤੇ ਆਉਣ ਵਾਲੇ ਦਿਨ ਵੈਸਟਮਿੰਸਟਰ ‘ਚ ਸਿਆਸੀ ਸਰਗਰਮੀਆਂ ਨਾਲ ਭਰੇ ਰਹਿਣਗੇ।