ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਐਂਡੀ ਬਰਨਹਮ ਨੇ ਹਾਊਸ ਆਫ਼ ਕਾਮਨਜ਼ ’ਚ ਅੱਜ ਸੰਸਦ ਮੈਂਬਰਾਂ ਸਾਹਮਣੇ ਮੇਕਰਫੀਲਡ ਦੇ ਨਵੇਂ ਸੰਸਦ ਮੈਂਬਰ ਵਜੋਂ ਅਧਿਕਾਰਤ ਤੌਰ ’ਤੇ ਸਹੁੰ ਚੁੱਕੀ। ਮੇਕਰਫੀਲਡ ਦੀ ਜ਼ਿਮਨੀ ਚੋਣ ’ਚ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ, ਗ੍ਰੇਟਰ ਮਾਨਚੈਸਟਰ ਦੇ 56 ਸਾਲਾ ਮੇਅਰ ਨੇ 9 ਸਾਲਾਂ ਦੇ ਲੰਬੇ ਵਕਫ਼ੇ ਬਾਅਦ ਮੁੜ ਸੰਸਦ ’ਚ ਵਾਪਸੀ ਕੀਤੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਸਪੀਕਰ ਸਰ ਲਿੰਡਸੇ ਹੋਇਲ ਨੇ ਬਰਨਹਮ ਨੂੰ ਵਧਾਈ ਦਿੱਤੀ, ਜਦਕਿ ਸਰਕਾਰੀ ਬੈਂਚਾਂ ’ਤੇ ਬੈਠੇ ਕਈ ਸੰਸਦ ਮੈਂਬਰਾਂ ਨੇ ਮੇਜ਼ ਥਪਥਪਾ ਕੇ ਤੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਬਰਨਹਮ ਦੀ ਇਸ ਸਿਆਸੀ ਵਾਪਸੀ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਲੇਬਰ ਪਾਰਟੀ ਦੇ ਨਿਯਮਾਂ ਮੁਤਾਬਕ ਸਿਰਫ਼ ਮੌਜੂਦਾ ਸੰਸਦ ਮੈਂਬਰ ਹੀ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਲੜ ਸਕਦਾ ਹੈ। ਇਸ ਜਿੱਤ ਨਾਲ “ਕਿੰਗ ਆਫ਼ ਦ ਨੌਰਥ” ਵਜੋਂ ਜਾਣੇ ਜਾਂਦੇ ਬਰਨਹਮ ਹੁਣ ਭਵਿੱਖ ’ਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਚੁਣੌਤੀ ਦੇਣ ਦੇ ਯੋਗ ਹੋ ਗਏ ਹਨ। ਨਾਲ ਹੀ ਐਂਡੀ ਬਰਨਹਮ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਖੁਦ ਦਾ ਐਲਾਨ ਵੀ ਕਰ ਦਿੱਤਾ ਹੈ।