ਦਿੱਲੀ, ਚੰਡੀਗੜ੍ਹ ਸਮੇਤ ਉੱਤਰੀ ਭਾਰਤ ’ਚ ਭੁਚਾਲ ਦੇ ਝਟਕੇ
ਅਜੀਤ ਡੈਸਕ
28-06-2026
ਚੰਡੀਗੜ੍ਹ, 27 ਜੂਨ (ਏਜੰਸੀ)-ਦਿੱਲੀ, ਚੰਡੀਗੜ੍ਹ ਸਮੇਤ ਉਤਰੀ ਭਾਰਤ ’ਚ ਅੱਜ ਸ਼ਾਮ ਕਰੀਬ 7.08 ਵਜੇ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਵਿਚਾਲੇ ਕਈ ਲੋਕ ਆਪਣੇ ਘਰਾਂ ਤੇ ਹੋਰ ਇਮਾਰਤਾਂ ਤੋਂ ਬਾਹਰ ਨਿਕਲ ਆਏ ਅਤੇ ਲੋਕਾਂ ’ਚ ਘਬਰਾਹਟ ਦਾ ਮਾਹੌਲ ਬਣ ਗਿਆ। ਫ਼ਿਲਹਾਲ ਚੰਡੀਗੜ੍ਹ ਜਾਂ ਨੇੜਲੇ ਇਲਾਕਿਆਂ ’ਚ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ’ਚ ਸਨਿਚਰਵਾਰ ਸ਼ਾਮ 7.04 ਵਜੇ 6.2 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਉਤਰ-ਪੂਰਬੀ ਅਫ਼ਗਾਨਿਸਤਾਨ ’ਚ ਕਲਾਫ਼ਗਾਨ ਤੋਂ ਕਰੀਬ 81 ਕਿ.ਮੀ. ਦੂਰ ਸੀ ਅਤੇ ਡੂੰਘਾਈ 215 ਕਿ.ਮੀ. ਸੀ। ਭੂਚਾਲ ਦਾ ਅਸਰ ਭਾਰਤ, ਪਾਕਿਸਤਾਨ, ਤੁਰਕਮੇਨਿਸਤਾਨ, ਤਾਜਿਕਸਤਾਨ, ਉਜਬੇਕਿਸਤਾਨ, ਚੀਨ ਅਫ਼ਗਾਨਿਸਤਾਨ ਤੇ ਕਿਰਗਿਸਤਾਨ ਤੱਕ ਵੇਖਿਆ ਗਿਆ। ਭਾਰਤ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਇਲਾਵਾ ਦਿੱਲੀ-ਐਨ.ਸੀ.ਆਰ., ਜੰਮੂ ਕਸ਼ਮੀਰ ਦੇ ਸ੍ਰੀਨਗਰ, ਬਾਰਾਮੂਲਾ, ਕੁਪਵਾੜਾ ਤੇ ਜੰਮੂ ਸਮੇਤ ਕਈ ਇਲਾਕਿਆਂ ’ਚ ਹਲਕੇ ਤੋਂ ਮੱਧ ਝਟਕੇ ਮਹਿਸੂਸ ਕੀਤੇ ਗਏ।