ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਅਤੇ ਵਾਲਮੀਕਿ ਭਵਨ ਦੇ ਨਿਰਮਾਣ ਸਬੰਧੀ ਹਰਦੀਪ ਸਿੰਘ ਗਿੱਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਅਜੀਤ ਡੈਸਕ
28-06-2026
ਮੁਲਾਕਾਤ ਦੌਰਾਨ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਦਿਨ-ਰਾਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਅੱਜ ਵੀ ਉਹ ਕਈ ਬੁਨਿਆਦੀ ਸਹੂਲਤਾਂ ਅਤੇ ਆਪਣੇ ਹੱਕਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ ਐਮ.ਓ.ਐਚ. ਅਧੀਨ ਸਾਈ ਕਮਿਊਨੀਕੇਸ਼ਨ, ਇਨੋਵਿਜ਼ਨ, ਲਿੰਕਸ, ਭੂਮਿਕਾ ਪਰਗਾਲੀ ਜੇ.ਵੀ. ਤੇ ਲਾਇਨਜ਼ ਕੰਪਨੀ ਰਾਹੀਂ ਕੰਮ ਕਰ ਰਹੇ ਸਾਰੇ ਠੇਕਾ ਕਰਮਚਾਰੀਆਂ ਨੂੰ ਨਗਰ ਨਿਗਮ ਦੇ ਪੇ-ਰੋਲ ’ਤੇ ਲਿਆਂਦਾ ਜਾਵੇ ਤੇ ਠੇਕੇਦਾਰੀ ਪ੍ਰਥਾ ਨੂੰ ਖਤਮ ਕੀਤਾ ਜਾਵੇ। ਹਰਦੀਪ ਸਿੰਘ ਗਿੱਲ ਨੇ 2005 ਅਤੇ 2009 ਵਿੱਚ ਰੈਗੂਲਰ ਹੋਏ ਸਫ਼ਾਈ ਕਰਮਚਾਰੀਆਂ ਦੇ ਪੈਨਸ਼ਨ ਮਾਮਲੇ ਨੂੰ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਕਰਮਚਾਰੀਆਂ ਤੋਂ ਨੈਸ਼ਨਲ ਪੈਨਸ਼ਨ ਸਕੀਮ (ਐਨ.ਪੀ.ਐਸ.) ਅਧੀਨ ਕਟੌਤੀ ਕੀਤੀ ਜਾਂਦੀ ਸੀ ਪਰ ਬਾਅਦ ਵਿਚ ਨਿਯਮਾਂ ਅਨੁਸਾਰ ਉਨ੍ਹਾਂ ਦਾ ਜਨਰਲ ਪ੍ਰੋਵੀਡੈਂਟ ਫ਼ੰਡ (ਜੀ.ਪੀ.ਐਫ.) ਕੱਟਿਆ ਜਾ ਰਿਹਾ ਹੈ। ਇਸ ਲਈ ਐਨ.ਪੀ.ਐਸ. ਅਧੀਨ ਜਮ੍ਹਾਂ ਹੋਈ ਸਾਰੀ ਰਕਮ ਸਬੰਧਤ ਕਰਮਚਾਰੀਆਂ ਦੇ ਜੀ.ਪੀ.ਐਫ. ਖਾਤਿਆਂ ਵਿਚ ਤਬਦੀਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਕਰਮਚਾਰੀ ਦਾ ਆਰਥਿਕ ਨੁਕਸਾਨ ਨਾ ਹੋਵੇ। ਉਨ੍ਹਾਂ ਠੇਕੇ ’ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਸੇਵਾਮੁਕਤੀ ਉਮਰ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਐਮ.ਓ.ਐਚ. ਅਧੀਨ ਠੇਕਾ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ 60 ਸਾਲ ਹੈ, ਜਦਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਵਿਚ ਇਹ ਸੀਮਾ 65 ਸਾਲ ਹੈ। ਉਨ੍ਹਾਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀ ਸੇਵਾਮੁਕਤੀ ਉਮਰ ਵੀ 65 ਸਾਲ ਕੀਤੀ ਜਾਵੇ, ਕਿਉਂਕਿ ਉਨ੍ਹਾਂ ਨੂੰ ਨਾ ਤਾਂ ਪੈਨਸ਼ਨ ਅਤੇ ਨਾ ਹੀ ਗ੍ਰੈਚੁਟੀ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਕੁੱਝ ਸਾਲ ਹੋਰ ਰੁਜ਼ਗਾਰ ਅਤੇ ਆਰਥਿਕ ਸੁਰੱਖਿਆ ਪ੍ਰਾਪਤ ਹੋ ਸਕੇਗੀ। ਮੁਲਾਕਾਤ ਦੌਰਾਨ ਹਰਦੀਪ ਸਿੰਘ ਗਿੱਲ ਨੇ ਵਾਲਮੀਕੀ ਸਮਾਜ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਵੀ ਰਾਜਪਾਲ ਸਾਹਮਣੇ ਰੱਖੀ। ਉਨ੍ਹਾਂ ਬੇਨਤੀ ਕੀਤੀ ਕਿ ਚੰਡੀਗੜ੍ਹ ਵਿਚ ਵਾਲਮੀਕੀ ਸਮਾਜ ਲਈ ਇੱਕ ਵਿਸ਼ਾਲ ਅਤੇ ਆਧੁਨਿਕ ਵਾਲਮੀਕੀ ਭਵਨ ਦੇ ਨਿਰਮਾਣ ਲਈ ਜ਼ਮੀਨ ਅਲਾਟ ਕੀਤੀ ਜਾਵੇ। ਰਾਜਪਾਲ ਨੇ ਹਰਦੀਪ ਸਿੰਘ ਗਿੱਲ ਅਤੇ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਰੱਖੀਆਂ ਗਈਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਸਾਰੀਆਂ ਮੰਗਾਂ ਨੂੰ ਸਬੰਧਤ ਵਿਭਾਗਾਂ ਨਾਲ ਵਿਚਾਰ ਕਰਕੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ (ਚੰਡੀਗੜ੍ਹ ਪ੍ਰਦੇਸ਼) ਦੇ ਪ੍ਰਧਾਨ ਜਸਬੀਰ ਕੁਮਾਰ ਟਾਂਕ, ਕਿਸ਼ਨ ਚੱਡਾ, ਸੋਨੀਆ ਅਟਵਾਲ, ਧਰਮਿੰਦਰ ਕੁਮਾਰ, ਪ੍ਰਵੀਨ ਕੁਮਾਰ ਅਤੇ ਹੋਰ ਯੂਨੀਅਨ ਆਗੂ ਵੀ ਹਾਜ਼ਰ ਸਨ।