ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 1956 ਵਾਲਾ ਕਾਨੂੰਨ ਹੀ ਰਹੇਗਾ ਲਾਗੂ
ਅਜੀਤ ਡੈਸਕ
01-07-2026
ਚੰਡੀਗੜ੍ਹ, 30 ਜੂਨ (ਸੰਦੀਪ ਕੁਮਾਰ ਮਾਹਨਾ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਸੰਬੰਧਿਤ ਪ੍ਰਸਤਾਵਿਤ ਹਜ਼ੂਰ ਸਾਹਿਬ ਐਕਟ, 2026 ਨੂੰ ਲਾਗੂ ਕਰਨ ਬਾਰੇ ਮਹਾਰਾਸ਼ਟਰ ਸਰਕਾਰ ਨੇ ਆਪਣਾ ਫ਼ੈਸਲਾ ਟਾਲ ਦਿੱਤਾ ਹੈ। ਇਸ ਦੌਰਾਨ 1956 ਵਾਲਾ ਮੌਜੂਦਾ ਐਕਟ ਹੀ ਲਾਗੂ ਰਹੇਗਾ। ਸਰਕਾਰ ਨੇ ਇਸ ਮੁੱਦੇ ’ਤੇ ਵਿਸ਼ਾਲ ਸਲਾਹ-ਮਸ਼ਵਰੇ ਲਈ ਕਾਨੂੰਨ ਨੂੰ ਰੋਕਣ ਅਤੇ ਵੱਖ-ਵੱਖ ਧਿਰਾਂ ਤੋਂ ਸੁਝਾਅ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਦਾ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ, ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਨੇ ਸਵਾਗਤ ਕੀਤਾ ਹੈ। ਆਰ.ਪੀ. ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਉਨ੍ਹਾਂ ਅਤੇ ਕੇਵਲ ਸਿੰਘ ਢਿੱਲੋਂ ਵਲੋਂ ਕੀਤੀ ਗਈ ਬੇਨਤੀ ਨੂੰ ਸਾਕਾਰਾਤਮਿਕ ਢੰਗ ਨਾਲ ਸਵੀਕਾਰ ਕਰਦਿਆਂ ਪ੍ਰਸਤਾਵਿਤ ਕਾਨੂੰਨ ਨੂੰ ਫ਼ਿਲਹਾਲ ਰੋਕਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਵਾਲਾ ਕਦਮ ਹੈ, ਜਿਸ ਨਾਲ ਸਾਰੇ ਹਿੱਸੇਦਾਰਾਂ ਨੂੰ ਆਪਣਾ ਪੱਖ ਰੱਖਣ ਅਤੇ ਸਰਬਸੰਮਤੀ ਨਾਲ ਅੱਗੇ ਵਧਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਵਧੀਕ ਮੁੱਖ ਸਕੱਤਰ (ਮਾਲ), ਡਵੀਜ਼ਨਲ ਕਮਿਸ਼ਨਰ ਛਤਰਪਤੀ ਸੰਭਾਜੀਨਗਰ, ਕੁਲੈਕਟਰ ਨਾਂਦੇੜ, ਉਪ ਸਕੱਤਰ (ਮਾਲ) ਅਤੇ ਡਿਪਟੀ ਕੁਲੈਕਟਰ ਨਾਂਦੇੜ ਨੂੰ ਸ਼ਾਮਿਲ ਕਰਕੇ ਇਕ ਕਮੇਟੀ ਬਣਾਈ ਹੈ, ਜੋ ਇਸ ਮਾਮਲੇ ’ਤੇ ਸਾਰੇ ਪੱਖਾਂ ਨਾਲ ਵਿਚਾਰ-ਵਟਾਂਦਰਾ ਕਰੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਪ੍ਰਾਪਤ ਸੁਝਾਅ ਕਾਨੂੰਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਰਬ ਸਵੀਕਾਰਯੋਗ ਬਣਾਉਣ ’ਚ ਸਹਾਇਕ ਹੋਣਗੇ। ਆਰ.ਪੀ. ਸਿੰਘ ਨੇ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਰਗਰਮੀ ਨਾਲ ਆਪਣੇ ਸੁਝਾਅ ਕਮੇਟੀ ਅੱਗੇ ਪੇਸ਼ ਕਰਨ, ਤਾਂ ਜੋ ਹਰ ਹਿੱਸੇਦਾਰ ਦੀ ਰਾਏ ਨੂੰ ਯੋਗ ਮਹੱਤਵ ਦਿੱਤਾ ਜਾ ਸਕੇ ਅਤੇ ਵਿਸ਼ਾਲ ਸਹਿਮਤੀ ਨਾਲ ਅੱਗੇ ਦਾ ਰਾਹ ਤੈਅ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪੁਨਰਗਠਨ ’ਚ ਕੁਝ ਸਮਾਂ ਲੱਗ ਸਕਦਾ ਹੈ, ਪਰ ਮਹਾਰਾਸ਼ਟਰ ਸਰਕਾਰ ਨੂੰ ਤਖ਼ਤ ਸਾਹਿਬ ਦੇ ਵਿਸ਼ਾਲ ਪੁਨਰ ਵਿਕਾਸ ਲਈ ਤਿਆਰ ਕੀਤੀ ਯੋਜਨਾ ਨੂੰ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਸ਼ੀ ਵਿਸ਼ਵਨਾਥ ਕੋਰੀਡੋਰ ਅਤੇ ਮਹਾਕਾਲ ਲੋਕ ਦੀ ਤਰਜ਼ ’ਤੇ ਲਗਭਗ 200 ਏਕੜ ਰਕਬੇ ’ਚ ਪ੍ਰਸਤਾਵਿਤ ਵਿਰਾਸਤੀ ਕੋਰੀਡੋਰ ਤਹਿਤ ਸ਼ਰਧਾਲੂਆਂ ਲਈ ਆਧੁਨਿਕ ਰਿਹਾਇਸ਼ੀ ਸਹੂਲਤਾਂ, ਬਿਹਤਰ ਬੁਨਿਆਦੀ ਢਾਂਚਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਦਰਸਾਉਣ ਵਾਲਾ ਵਿਸ਼ਵ ਪੱਧਰੀ ਵਰਚੁਅਲ ਰਿਐਲਿਟੀ ਕੇਂਦਰ ਸਥਾਪਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੇ ਅਧਿਆਤਮਿਕ ਅਨੁਭਵ ’ਚ ਵਾਧਾ ਹੋਵੇਗਾ ਅਤੇ ਤਖ਼ਤ ਸਾਹਿਬ ਦੀ ਪਵਿੱਤਰਤਾ, ਵਿਰਾਸਤ ਅਤੇ ਇਤਿਹਾਸਕ ਸਰੂਪ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ’ਚ ਵੀ ਮਹੱਤਵਪੂਰਨ ਯੋਗਦਾਨ ਮਿਲੇਗਾ।