ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੰਜਾਬ ਕਾਂਗਰਸ ’ਚ ਬਦਲਾਅ ਦੇ ਨਾਲ ਸ਼ੁਰੂ ਹੋਇਆ ਰੋਸੇ-ਨਾਰਾਜ਼ਗੀਆਂ ਦਾ ਦੌਰ

Ad Position 21
No active advertisement
ਅਜੀਤ ਡੈਸਕ 03-07-2026

* ਮਨੀਸ਼ ਤਿਵਾੜੀ ਨੇ ਖੁੱਲ੍ਹ ਕੇ ਪ੍ਰਗਟਾਈ ਨਾਰਾਜ਼ਗੀ * ਚੰਨੀ ਅੱਜ ਕਰਨਗੇ ਸਮਰਥਕਾਂ ਨਾਲ ਮੀਟਿੰਗ * ਕਈ ਹੋਰਨਾਂ ਅਹੁਦੇਦਾਰਾਂ ਨੇ ਵੀ ਧਾਰੀ ਚੁੱਪ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 2 ਜੁਲਾਈ- ਪੰਜਾਬ ਕਾਂਗਰਸ ’ਚ ਬੁੱਧਵਾਰ ਨੂੰ ਹੋਏ ਸੰਗਠਨਾਤਮਕ ਬਦਲਾਅ ਤੋਂ ਬਾਅਦ ਹੁਣ ਪਾਰਟੀ ’ਚ ਰੋਸੇ ਨਾਰਾਜ਼ਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿੱਥੇ ਚਰਨਜੀਤ ਸਿੰਘ ਚੰਨੀ ਨੇ ਚੁੱਪ ਵੱਟ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ, ਉੱਥੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਖੁੱਲ੍ਹੇ ਲਫ਼ਜ਼ਾਂ ’ਚ ਉਨ੍ਹਾਂ ਨੂੰ ਅਣਗੌਲੇ ਜਾਣ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਕੀਤਾ। ਕਾਂਗਰਸ ਹਾਈਕਮਾਨ ਵਲੋਂ ਬੁੱਧਵਾਰ ਸ਼ਾਮ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ’ਤੇ ਬਰਕਰਾਰ ਰੱਖਣ ਦਾ ਐਲਾਨ ਕੀਤਾ, ਨਾਲ ਹੀ ਤਿੰਨ ਕਾਰਜਕਾਰੀ ਪ੍ਰਧਾਨ ਅਤੇ 4 ਕਮੇਟੀਆਂ ਦਾ ਗਠਨ ਕਰਕੇ ਉਨ੍ਹਾਂ ’ਚ ਕਈ ਚਿਹਰਿਆਂ ਨੂੰ ਸ਼ਾਮਿਲ ਕਰਕੇ ਸਭ ਦੀ ਸ਼ਮੂਲੀਅਤ ਕਰਵਾਉਣ ਦਾ ਯਤਨ ਕੀਤਾ।
ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜੰਮ ਕੇ ਆਪਣਾ ਸ਼ਬਦੀ ਰੋਸ ਪ੍ਰਗਟਾਇਆ। ਉਨ੍ਹਾਂ ਲਿਖਿਆ ਕਿ ਜਿਸ ਵਿਅਕਤੀ ਕੋਲ ਹੁਨਰ ਹੁੰਦਾ ਹੈ, ਉਸ ਵਿਚ ਅਕਸਰ ਇਕ ਵੱਡੀ ਕਮੀ ਹੁੰਦੀ ਹੈ। ਉਨ੍ਹਾਂ ਲਿਖਿਆ ਕਿ ਕਾਸ਼, ਉਨ੍ਹਾਂ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਲਈ ਕੋਈ ਗਿੱਦੜਸਿੰਘੀ ਹੁੰਦੀ। ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 45 ਸਾਲ ਪਾਰਟੀ ਨੂੰ ਸਮਰਪਿਤ ਕੀਤੇ ਹਨ, ਪਰ ਅੱਜ ਕੁਝ ਵਿਅਕਤੀਆਂ ਦੀ ਅਸੁਰੱਖਿਆ ਕਾਰਨ ਅਜਿਹਾ ਫ਼ੈਸਲਾ ਲਿਆ ਗਿਆ ਹੈ। ਸੰਦੇਸ਼ ਦੇ ਅਖੀਰ ’ਚ ਉਨ੍ਹਾਂ ਇਕ ਅੰਗਰੇਜ਼ੀ ਗੀਤ ਦੀ ਤੁਕ ਵੀ ਲਿਖੀ ਕਿ ਜੋ ਵੀ ਹੋਵੇਗਾ, ਉਹ ਹੋ ਕੇ ਰਹੇਗਾ। ਹਲਕਿਆਂ ਮੁਤਾਬਿਕ ਮਨੀਸ਼ ਤਿਵਾੜੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ’ਚ ਸਨ, ਪਰ ਉਨ੍ਹਾਂ ਨੂੰ ਸੂਚੀ ’ਚ ਕਿਤੇ ਵੀ ਥਾਂ ਨਾ ਦੇਣਾ ਨਾਰਾਜ਼ਗੀ ਦਾ ਕਾਰਨ ਬਣਿਆ। ਤਿਵਾੜੀ ਦੀ ਨਾਰਾਜ਼ਗੀ ਨੂੰ ਲੈ ਕੇ ਕੁਝ ਆਗੂਆਂ ਨੇ ਹਾਈਕਮਾਨ ਤੱਕ ਵੀ ਪਹੁੰਚ ਕੀਤੀ, ਜਿਸ ’ਤੇ ਪਾਰਟੀ ਵਲੋਂ ਛੇਤੀ ਹੀ ‘ਭੁੱਲ ਸੁਧਾਰ’ ਸੰਬੰਧੀ ਕਦਮ ਚੁੱਕੇ ਜਾਣ ਦਾ ਭਰੋਸਾ ਦਿਵਾਇਆ ਗਿਆ।
ਅਹੁਦੇ ਮਿਲਣ ’ਤੇ ਵੀ ਕਈਆਂ ਨੇ ਧਾਰੀ ਚੁੱਪ

ਮਨੀਸ਼ ਤਿਵਾੜੀ ਤੋਂ ਇਲਾਵਾ ਕਈ ਅਜਿਹੇ ਆਗੂ ਵੀ ਹਨ ਜਿਨ੍ਹਾਂ ਨੇ ਅਹੁਦੇ ਮਿਲਣ ਦੇ ਬਾਵਜੂਦ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ’ਚ ਗੁਰੇਜ਼ ਨਹੀਂ ਕੀਤਾ। ਇਨ੍ਹਾਂ ’ਚ ਸਭ ਤੋਂ ਪਹਿਲਾਂ ਨਾਂਅ ਚਰਨਜੀਤ ਸਿੰਘ ਚੰਨੀ ਦਾ ਆਉਂਦਾ ਹੈ। ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਨਜ਼ਰ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ’ਤੇ ਸੀ। ਪ੍ਰਧਾਨਗੀ ’ਚ ਬਦਲਾਅ ਨਾ ਹੋਣ ਤੋਂ ਨਾਰਾਜ਼ ਚੰਨੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਰਟੀ ਵਲੋਂ ਮਿਲੀ ਇਸ ਨਵੀਂ ਜ਼ਿੰਮੇਵਾਰੀ ਲਈ ਧੰਨਵਾਦ ਤੱਕ ਨਹੀਂ ਕੀਤਾ। ਹਲਕਿਆਂ ਮੁਤਾਬਿਕ ਚੰਨੀ ਵਲੋਂ ਸ਼ੁੱਕਰਵਾਰ ਨੂੰ ਸਵੇਰੇ ਆਪਣੀ ਰਿਹਾਇਸ਼ ’ਤੇ ਮੀਟਿੰਗ ਵੀ ਸੱਦੀ ਹੈ। ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਉਪ ਪ੍ਰਧਾਨ ਬਣਾਇਆ ਗਿਆ, ਨੇ ਵੀ ਆਪਣੀ ਨਵੀਂ ਨਿਯੁਕਤੀ ਨੂੰ ਲੈ ਕੇ ਕੋਈ ਸੰਦੇਸ਼ ਨਹੀਂ ਪਾਇਆ। ਅਜਿਹੀ ਹੀ ਚੁੱਪੀ ਉਨ੍ਹਾਂ ਦੇ ਨਾਲ ਪ੍ਰਚਾਰ ਕਮੇਟੀ ਦੇ ਉਪ ਪ੍ਰਧਾਨ ਥਾਪੇ ਗਏ ਰਾਣਾ ਗੁਰਜੀਤ ਸਿੰਘ ਅਤੇ ਧਰਮਵੀਰ ਗਾਂਧੀ ਵਲੋਂ ਵੀ ਵਿਖਾਈ ਗਈ। ਪਰਗਟ ਸਿੰਘ ਨੇ ਵੀ ਨਿਯੁਕਤੀ ਬਾਰੇ ਕੋਈ ਪ੍ਰਤੀਕਰਮ ਸੰਦੇਸ਼ ਸੋਸ਼ਲ ਮੀਡੀਆ ’ਤੇ ਸਾਂਝਾ ਨਹੀਂ ਕੀਤਾ।
ਵੜਿੰਗ, ਸਿੰਗਲਾ, ਅਮਰ ਸਿੰਘ ਨੇ ਕੀਤਾ ਧੰਨਵਾਦ

ਕਾਂਗਰਸ ਵਲੋਂ ਬਦਲਾਅ ਦਾ ਐਲਾਨ ਕਰਨ ਤੋਂ ਬਾਅਦ ਜਿਨ੍ਹਾਂ ਨੇਤਾਵਾਂ ਵਲੋਂ ਹਾਈਕਮਾਨ ਦਾ ਧੰਨਵਾਦ ਕਰਦਿਆਂ ਦਿੱਤੀ ਜ਼ਿੰਮੇਵਾਰੀ ਨਿਭਾਉਣ ਦਾ ਦਾਅਵਾ ਕੀਤਾ, ਉਨ੍ਹਾਂ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੈ ਇੰਦਰ ਸਿੰਗਲਾ ਅਤੇ ਡਾ. ਅਮਰ ਸਿੰਘ ਦਾ ਨਾਂਅ ਸ਼ਾਮਿਲ ਹੈ।
ਰਾਜਾ ਵੜਿੰਗ ਨੇ ਕੀਤਾ ਧੰਨਵਾਦ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ’ਤੇ ਪਾਏ ਲੰਮੇ-ਚੌੜੇ ਸੰਦੇਸ਼ ਨਾਲ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਉਸ ਬੇਰਹਿਮ, ਤਾਨਾਸ਼ਾਹੀ ਅਤੇ ਭ੍ਰਿਸ਼ਟ ਸਰਕਾਰ ਤੋਂ ਛੁਟਕਾਰਾ ਦਿਵਾਈਏ ਜਿਸ ਨੂੰ ‘ਆਪ’ ਪੰਜਾਬ ਵਿਚ ਸਾਢੇ ਚਾਰ ਸਾਲ ਤੋਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਇਕ ਅਜਿਹੀ ਟੀਮ ਹੈ ਜਿਥੇ ਹਰੇਕ ਖਿਡਾਰੀ ਦੀ ਅਹਿਮ ਭੂਮਿਕਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਕ ਫੈਸਲਾਕੁੰਨ ਜਿੱਤ ਦਿਵਾਵਾਂਗੇ। ਵਿਜੈ ਇੰਦਰ ਸਿੰਗਲਾ ਨੇ ਵੀ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਰਾਜ ਭਰ ਵਿਚ ਸੰਪੂਰਨ ਸੰਗਠਨਾਤਮਕ ਏਕਤਾ, ਮਜ਼ਬੂਤ ਪ੍ਰਬੰਧਕ ਅਤੇ ਇਕ ਇਕੱਠੀ ਕਾਰਜਸ਼ੀਲ ਮੋਰਚਾ ਯਕੀਨੀ ਬਣਾਉਣ ਦਾ ਇਕ ਅਹਿਮ ਆਦੇਸ਼ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਦੇ ਸਮੂਹਿਕ ਜ਼ਮੀਨੀ ਪੱਧਰ ਅਤੇ ਚੋਣ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਸ ਕੰਮ ਨੂੰ ਸਮਰਪਣ ਨਾਲ ਸਵੀਕਾਰ ਕਰਦੇ ਹਨ।
ਰੰਧਾਵਾ ਦੀ ਠੰਢੀ ਜਿਹੀ ਖ਼ਾਮੋਸ਼ੀ

ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੂੰ ਕੋਰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਨੇ ਵੀ ਠੰਢੀ ਖ਼ਾਮੋਸ਼ੀ ਧਾਰੀ ਹੋਈ ਹੈ। ਰੰਧਾਵਾ ਨੇ ਨਵੀਂ ਨਿਯੁਕਤੀ ਨੂੰ ਲੈ ਕੇ ਕੋਈ ਸਿੱਧਾ ਸੰਦੇਸ਼ ਨਹੀਂ ਪਾਇਆ, ਹਾਲਾਂਕਿ ਸਚਿਨ ਪਾਇਲਟ ਵਲੋਂ ਉਕਤ ਸੂਚੀ ਨਾਲ ਦਿੱਤੇ ਵਧਾਈ ਸੰਦੇਸ਼ ਨੂੰ ਰੀਪੋਸਟ ਜ਼ਰੂਰ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ-ਡਾ. ਅਮਰ ਸਿੰਘ ਅਗਲੀ ਖ਼ਬਰ ਇਕ ਅੱਤਵਾਦੀ, ਅੱਤਵਾਦੀ ਹੀ ਹੁੰਦਾ ਹੈ, ਦੋਹਰੇ ਮਾਪਦੰਡ ਨਾ ਅਪਣਾਏ ਜਾਣ
Ad Position 24
No active advertisement