ਖਾਮੇਨੇਈ ਦੀਆਂ ਅੰਤਿਮ ਰਸਮਾਂ ਸ਼ੁਰੂ ਭਾਰਤੀ ਧਰਮ ਗੁਰੂਆਂ ਨੇ ਦਿੱਤੀ ਸ਼ਰਧਾਂਜਲੀ
ਅਜੀਤ ਡੈਸਕ
04-07-2026
ਤਹਿਰਾਨ, 3 ਜੁਲਾਈ (ਏਜੰਸੀ)-ਬੀਤੀ 28 ਫਰਵਰੀ ਨੂੰ ਈਰਾਨ ਦੇ ਖ਼ਿਲਾਫ਼ ਅਮਰੀਕਾ-ਇਜ਼ਰਾਈਲ ਵਲੋਂ ਕੀਤੇ ਹਮਲੇ ਦੇ ਪਹਿਲੇ ਦਿਨ ਹੀ ਮਾਰੇ ਗਏ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮੇਨੇਈ ਦੀਆਂ ਅੰਤਿਮ ਰਸਮਾਂ ਦੀ ਸ਼ੁਰੂਆਤ ਹੋ ਗਈ ਹੈ। ਅੰਤਿਮ ਰਸਮਾਂ 4 ਜੁਲਾਈ ਤੋਂ 9 ਜੁਲਾਈ ਤੱਕ ਚੱਲਣਗੀਆਂ। ਸ਼ੁੱਕਰਵਾਰ ਨੂੰ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਤਾਬੂਤ ਅੰਤਿਮ ਦਰਸ਼ਨਾਂ ਲਈ ਤਹਿਰਾਨ ਦੀ ਗਰੈਂਡ ਮੋਸਾਲਾ ਮਸਜਿਦ ’ਚ ਰੱਖੇ ਗਏ, ਜਿਥੇ ਵੱਖ-ਵੱਖ ਆਗੂਆਂ, ਵਿਦੇਸ਼ੀ ਮਹਿਮਾਨਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਭਾਰਤੀ ਧਰਮ ਗੁਰੂਆਂ ਦੇ ਇਕ ਵਫ਼ਦ ਨੇ ਵੀ ਖਾਮੇਨੇਈ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਖਾਮੇਨੇਈ ਦਾ ਤਾਬੂਤ ਉਸ ਸਥਾਨ ’ਤੇ ਲਿਜਾਇਆ ਗਿਆ, ਜਿਥੇ 28 ਫਰਵਰੀ ਨੂੰ ਹਵਾਈ ਹਮਲੇ ’ਚ ਉਨ੍ਹਾਂ ਦੀ ਹੱਤਿਆ ਹੋਈ ਸੀ। 4 ਜੁਲਾਈ ਨੂੰ ਮੋਸਾਲਾ ਮਸਜਿਦ ’ਚ ਸ਼ਰਧਾਂਜਲੀ ਸਮਾਗਮ ਹੋਵੇਗਾ ਅਤੇ ਲੋਕ ਆਪਣੇ ਆਗੂ ਦੇ ਅੰਤਿਮ ਦਰਸ਼ਨ ਕਰ ਸਕਣਗੇ। 5 ਜੁਲਾਈ ਨੂੰ ਤਹਿਰਾਨ ’ਚ ਨਮਾਜ਼-ਏ-ਜਨਾਜ਼ਾ ਹੋਵੇਗੀ। 6 ਜੁਲਾਈ ਨੂੰ ਤਹਿਰਾਨ ਦੀਆਂ ਸੜਕਾਂ ’ਤੇ ਅੰਤਿਮ ਯਾਤਰਾ ਵਿਸ਼ਾਲ ਜਲੂਸ ਦੇ ਰੂਪ ’ਚ ਕੱਢੀ ਜਾਵੇਗੀ, ਜਿਸ ’ਚ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। 7 ਜੁਲਾਈ ਨੂੰ ਅੰਤਿਮ ਯਾਤਰਾ ਤਹਿਰਾਨ ਤੋਂ ਕਰੀਬ 140 ਕਿੱਲੋਮੀਟਰ ਦੂਰ ਦੱਖਣ-ਪੱਛਮ ਵਿਚ ਸਥਿਤ ਕੋਮ ਸ਼ਹਿਰ ’ਚ ਜਾਵੇਗੀ। 8 ਜੁਲਾਈ ਨੂੰ ਅੰਤਿਮ ਯਾਤਰਾ ਗੁਆਢੀ ਦੇਸ਼ ਇਰਾਕ ਦੇ ਇਤਿਹਾਸਕ ਅਤੇ ਪਵਿੱਤਰ ਸ਼ਹਿਰਾਂ ਨਜਫ ਅਤੇ ਕਰਬਲਾ ਪੁੱਜੇਗੀ। 9 ਜੁਲਾਈ ਨੂੰ ਖਾਮੇਨੇਈ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਮਸ਼ਹਦ ’ਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਈਰਾਨੀ ਮੀਡੀਆ ਅਨੁਸਾਰ ਅੰਤਿਮ ਰਸਮਾਂ ਲਈ ਹੋਣ ਵਾਲੇ 6 ਦਿਨਾਂ ਸਮਾਗਮ ’ਚ 1.5 ਤੋਂ 2 ਕਰੋੜ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਅੰਤਿਮ ਰਸਮਾਂ ’ਚ 30 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ ਵਫ਼ਦ, ਜਦੋਂਕਿ 90 ਦੇਸ਼ਾਂ ਦੇ ਧਾਰਮਿਕ ਆਗੂ ਸ਼ਾਮਿਲ ਹੋਣਗੇ।
ਖਾਮੇਨੇਈ ਦੇ ਤਾਬੂਤ ’ਤੇ ਲਾਲ ਝੰਡਾ ਰੱਖਿਆ
ਖਾਮੇਨੇਈ ਦੀਆਂ ਅੰਤਿਮ ਰਸਮਾਂ ਦੌਰਾਨ ਉਨ੍ਹਾਂ ਦੇ ਤਾਬੂਤ ’ਤੇ ਮਸ਼ਹਦ ਸਥਿਤ ਇਮਾਮ ਰਜ਼ਾ ਦਰਗਾਹ ਦਾ ਲਾਲ ਝੰਡਾ ਰੱਖਿਆ ਗਿਆ। ਇਹ ਝੰਡਾ ਸ਼ੀਆ ਪਰੰਪਰਾ ’ਚ ਸ਼ਹਾਦਤ, ਬਲੀਦਾਨ ਅਤੇ ਅਨਿਆਂ ਖਿਲਾਫ਼ ਸੰਘਰਸ਼ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪਹਿਲੀ ਵਾਰ ਦਿਖਾਈ ਦਿੱਤਾ ਆਈ.ਆਰ.ਜੀ.ਸੀ. ਕਮਾਂਡਰ
ਜੰਗ ਸ਼ੁਰੂ ਹੋਣ ਦੇ ਬਾਅਦ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ ਕਾਰਜਕਾਰੀ ਕਮਾਂਡਰ ਅਹਿਮਦ ਵਹੀਦੀ ਪਹਿਲੀ ਵਾਰ ਜਨਤਕ ਤੌਰ ’ਤੇ ਸਾਹਮਣੇ ਨਜ਼ਰ ਆਏ। ਉਨ੍ਹਾਂ ਵੀਰਵਾਰ ਸ਼ਾਮ ਨੂੰ ਤਹਿਰਾਨ ’ਚ ਸਾਬਕਾ ਸੁਪਰੀਮ ਲੀਡਰ ਖਾਮੇਨੇਈ ਨੂੰ ਸ਼ਰਧਾਂਜਲੀ ਭੇਟ ਕੀਤੀ।