ਨਵੀਂ ਦਿੱਲੀ, 3 ਜੁਲਾਈ(ਜਗਤਾਰ ਸਿੰਘ)-ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਈ-ਰਿਕਸ਼ਾ ਹੈਕ ਕਰਨ ਵਾਲੀ ਐਪ ਬੀਏਟੀ -ਬੀਐਮਐਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ । ਇਸ ਕਾਰਵਾਈ ਦੇ ਹਿੱਸੇ ਵਜੋਂ ਦੋ ਐਪਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ । ਦੋਸ਼ ਹੈ ਕਿ ਇਨ੍ਹਾਂ ਐਪਸ ਦੀ ਵਰਤੋਂ ਦੂਰ ਤੋਂ ਹੀ ਈ-ਰਿਕਸ਼ਾ ਨੂੰ ਰਿਮੋਟ ਨਾਲ ਬੰਦ ਕਰਨ ਲਈ ਕੀਤੀ ਜਾ ਰਹੀ ਸੀ । ਇਹ ਕਦਮ ਸੁਰੱਖਿਆ ਚਿੰਤਾਵਾਂ ਅਤੇ ਸੰਭਾਵੀ ਦੁਰਵਰਤੋਂ ਦੇ ਕਾਰਨ ਚੁੱਕਿਆ ਗਿਆ ਹੈ । ਮਾਮਲੇ ਦੀ ਜਾਂਚ ਅਤੇ ਨਿਗਰਾਨੀ ਜਾਰੀ ਰਹੇਗੀ । ਹਾਲ ਹੀ ਵਿਚ ਬੀਏਟੀ -ਬੀਐਮਸ ਐਪ ਨਾਲ ਸੰਬੰਧਿਤ ਕਈ ਵੀਡੀਓ ਅਤੇ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਜਿਨ੍ਹਾਂ ਵਿਚ ਦਾਅਵਾ ਕੀਤਾ ਕਿ ਕੁਝ ਲੋਕ ਇਸ ਐਪ ਰਾਹੀਂ ਦੂਰ ਤੋਂ ਹੀ ਈ-ਰਿਕਸ਼ਾ ਨੂੰ ਰਿਮੋਟ ਨਾਲ ਬੰਦ ਕਰ ਰਹੇ ਸੀ,ਜਿਸ ਦੇ ਕਾਰਨ ਚਾਲਕਾਂ ਨੂੰ ਕਾਫੀ ਵਿੱਤੀ ਨੁਕਸਾਨ ਚੁੱਕਣਾ ਪਿਆ । ਈ-ਰਿਕਸ਼ਾ ਦੇ ਅਚਾਨਕ ਬੰਦ ਹੋਣ ਦੀਆਂ ਘਟਨਾਵਾਂ ਅਤੇ ਚਾਲਕਾਂ ਵਲੋਂ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ, ਮਾਮਲਾ ਗੰਭੀਰ ਹੋ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕੀਤੀ ਗਈ । ਸੂਚਨਾ ਤਕਨਾਲੋਜੀ (ਆਈ.ਟੀ.) ਸਕੱਤਰ ਐਸ. ਕ੍ਰਿਸ਼ਨਨ ਨੇ ਕਿਹਾ ਕਿ ਐਪ ਸਟੋਰਾਂ ਨੂੰ ਜ਼ਰੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ । ਸਰਕਾਰ ਇਹ ਮੁੱਦਾ ਐਪ ਸਟੋਰ ਕੋਲ ਉਠਾਏਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਭਾਵੀ ਤੌਰ ’ਤੇ ਨੁਕਸਾਨਦੇਹ ਐਪਸ ਉਪਲਬਧ ਨਾ ਹੋਣ ।
ਈ-ਰਿਕਸ਼ਾ ਨੂੰ ਬੰਦ ਕਰਨ ਵਾਲੀਆਂ ‘ਐਪਸ’ ਪਲੇਅ ਸਟੋਰ ਤੋਂ ਹਟਾਈਆਂ
ਅਜੀਤ ਡੈਸਕ
04-07-2026