ਗ੍ਰਹਿ ਮੰਤਰਾਲੇ ਨੇ ਪੰਜਾਬ ਰਾਈਟ ਟੂ ਬਿਜ਼ਨੈੱਸ ਐਕਟ ਨੂੰ ਚੰਡੀਗੜ੍ਹ ਤੱਕ ਵਧਾਇਆ
ਅਜੀਤ ਡੈਸਕ
04-07-2026
ਨਵੀਂ ਦਿੱਲੀ, 3 ਜੁਲਾਈ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਰਾਈਟ ਟੂ ਬਿਜ਼ਨੈੱਸ ਐਕਟ ਨੂੰ ਚੰਡੀਗੜ੍ਹ ਤੱਕ ਵਧਾ ਦਿੱਤਾ ਹੈ, ਜਿਸ ਦਾ ਉਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕਾਰੋਬਾਰ ਕਰਨ ਦੀ ਸੌਖ ਨੂੰ ਸੁਚਾਰੂ ਬਣਾਉਣ ਲਈ ਸਵੈ-ਘੋਸ਼ਣਾ, ਛੋਟਾਂ, ਤੇਜ਼ ਪ੍ਰਵਾਨਗੀਆਂ ਤੇ ਨਿਰੀਖਣਾਂ ਲਈ ਇਕ ਸਮਰੱਥ ਈਕੋਸਿਸਟਮ ਸਥਾਿਪਤ ਕਰਨਾ ਹੈ। 2 ਜੁਲਾਈ ਤੋਂ ਲਾਗੂ ਹੋਇਆ ਇਹ ਕਾਨੂੰਨ ਯੋਗ ਉੱਦਮਾਂ, ਮੁੱਖ ਤੌਰ ‘ਤੇ ਛੋਟੇ ਤੇ ਦਰਮਿਆਨੇ ਆਕਾਰ ਦੀਆਂ ਫਰਮਾਂ, ਦੀ ਸ਼ੁਰੂਆਤ ਨੂੰ ਤੇਜ਼ ਕਰਨ ਦਾ ਉਦੇਸ਼ ਹੈ। ਇਹ ਲਾਲ ਫੀਤਾਸ਼ਾਹੀ ਨੂੰ ਖਤਮ ਕਰੇਗਾ। ਇਹ ਇਕ ਏਜੰਸੀ, ਚੰਡੀਗੜ੍ਹ ਬਿਊਰੋ ਆਫ਼ ਐਂਟਰਪ੍ਰਾਈਜ਼ ਦੀ ਸਥਾਪਨਾ ਰਾਹੀਂ ਨਿਯਮਤ ਨਿਰੀਖਣਾਂ ਤੇ ਤੇਜ਼-ਟਰੈਕਿੰਗ ਰੈਗੂਲੇਟਰੀ ਕਲੀਅਰੈਂਸਾਂ ਤੋਂ ਛੋਟਾਂ ਪ੍ਰਦਾਨ ਕਰੇਗਾ। ਬਿਊਰੋ ਨੋਡਲ ਏਜੰਸੀ ਵਜੋਂ ਕੰਮ ਕਰੇਗਾ, ਜਿਸ ਦੀ ਅਗਵਾਈ ਉਦਯੋਗ ਸਕੱਤਰ ਸੀ.ਈ.ਓ. ਵਜੋਂ ਤੇ ਉਦਯੋਗ ਨਿਰਦੇਸ਼ਕ ਵਾਧੂ ਸੀ.ਈ.ਓ. ਵਜੋਂ ਕਰਨਗੇ ਤਾਂ ਜੋ ਨਿਵੇਸ਼ ਪ੍ਰਸਤਾਵਾਂ (ਰੈਗੂਲੇਟਰੀ ਤੇ ਵਿੱਤੀ ਦੋਵੇਂ) ਦੀ ਤੇਜ਼ੀ ਨਾਲ ਪ੍ਰਵਾਨਗੀ ਨੂੰ ਯਕੀਨੀ ਬਣਾਇਆ ਜਾ ਸਕੇ।