ਹੁਸ਼ਿਆਰਪੁਰ ਨਿਗਮ ਚੋਣਾਂ ਲਈ ਵੋਟਾਂ ਅੱਜ
ਅਜੀਤ ਡੈਸਕ
05-07-2026
ਹੁਸ਼ਿਆਰਪੁਰ, 4 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਚੋਣ ਕਮਿਸ਼ਨ ਵਲੋਂ 5 ਜੁਲਾਈ ਨੂੰ ਨਗਰ ਨਿਗਮ ਹੁਸ਼ਿਆਰਪੁਰ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਈ.ਵੀ.ਐਮ. ਰਾਹੀਂ ਵੋਟਾਂ ਪਾਈਆਂ ਜਾਣਗੀਆਂ । ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੋਟਿੰਗ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ 50 ਵਾਰਡਾਂ ਲਈ ਕੁੱਲ 1,33,569 ਵੋਟਰ ਵੋਟ ਪਾਉਣਗੇ, ਜਿਸ ਲਈ ਕੁੱਲ 139 ਬੂਥ ਬਣਾਏ ਗਏ ਹਨ ਅਤੇ ਕੁੱਲ 219 ਉਮੀਦਵਾਰ ਇਨ੍ਹਾਂ ਚੋਣਾਂ ਵਿਚ ਚੋਣ ਲੜ ਰਹੇ ਹਨ । ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਿੰਗ ਉਪਰੰਤ ਹੀ ਉਸੇ ਪੋਲਿੰਗ ਬੂਥ ’ਤੇ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਕਾਰਡ ਨਾਲ ਵੋਟਰ ਆਪਣਾ ਵੋਟ ਪਾ ਸਕਣਗੇ । ਜੇਕਰ ਕਿਸੇ ਵੋਟਰ ਪਾਸ ਵੋਟਰ ਕਾਰਡ ਨਹੀਂ ਹੈ, ਤਾਂ ਉਹ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਫ਼ੋਟੋ ਵਾਲਾ ਪੈਨ ਕਾਰਡ, ਮਨਰੇਗਾ ਜਾਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫ਼ੋਟੋ ਵਾਲਾ ਅਸਲਾ ਲਾਇਸੰਸ, ਫ਼ੋਟੋ ਵਾਲਾ ਪੈਨਸ਼ਨ ਦਸਤਾਵੇਜ਼, ਸੁਤੰਤਰਤਾ ਸੈਨਾਨੀ ਪਹਿਚਾਣ ਪੱਤਰ (ਫ਼ੋਟੋ ਸਮੇਤ), ਬੈਂਕ ਜਾਂ ਡਾਕਘਰ ਵਲੋਂ ਜਾਰੀ ਫ਼ੋਟੋ ਵਾਲੀ ਕਾਪੀ ਦਿਖਾ ਕੇ ਵੋਟ ਪਾ ਸਕਣਗੇ । ਇਸੇ ਤਰ੍ਹਾਂ ਅਜਿਹੇ ਵੋਟਰ ਕਿਰਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਸੰਸਦ ਮੈਂਬਰਾਂ ਜਾਂ ਵਿਧਾਇਕਾਂ ਨੂੰ ਜਾਰੀ ਪਹਿਚਾਣ ਪੱਤਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵਲੋਂ ਜਾਰੀ ਯੂ.ਡੀ.ਆਈ.ਡੀ. ਕਾਰਡ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਜਾਰੀ ਵਿਭਾਗੀ ਪਹਿਚਾਣ ਪੱਤਰ ਅਤੇ ਵਿਦਿਆਰਥੀਆਂ ਨੂੰ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਵਲੋਂ ਜਾਰੀ ਫ਼ੋਟੋ ਵਾਲਾ ਪਹਿਚਾਣ ਪੱਤਰ ਦਿਖਾ ਕੇ ਵੋਟ ਪਾ ਸਕਣਗੇ। ਉਨ੍ਹਾਂ ਦੱਸਿਆ ਕਿ ਸਨਿਚਰਵਾਰ ਬਾਅਦ ਦੁਪਹਿਰ ਤੱਕ ਪੋਲਿੰਗ ਪਾਰਟੀਆਂ ਤੇ ਜ਼ਰੂਰੀ ਸਟਾਫ਼ ਆਪਣੇ-ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਸਨ।